ਕਰਫਿਊ ਦੌਰਾਨ ਲੋਕਾਂ ਨੂੰ ਰਾਸ਼ਨ ਤੇ ਜ਼ਰੂਰਤ ਦਾ ਸਾਮਾਨ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਹਨ ਪ੍ਰਬੰਧ-ਮਨਜੀਤ ਸਿੰਘ

ਦੀਨਾਨਗਰ, 25 ਮਾਰਚ (ਸੰਧੂ, ਸੋਢੀ, ਸ਼ਰਮਾ)- ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਇਆ ਕਰਫ਼ਿਊ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ ਤੇ ਲੋਕ ਆਪਣੇ ਘਰਾਂ ਵਿਚ ਬੰਦ ਰਹੇ¢ ਪਿਛਲੇ ਤਿੰਨ ਦਿਨਾਂ ਤੋਂ ਕਰਫ਼ਿਊ ਵਿਚ ਕਿਸੇ ਤਰਾਂ ਦੀ ਕੋਈ ਛੂਟ ਨਾ ਦਿੱਤੇ ਜਾਣ ਕਾਰਨ ਲੋਕਾਂ ਨੂੰ ਰੋਜ਼ਾਨਾ ਜ਼ਰੂਰਤ ਦੀਆਂ ਵਸਤੂਆਂ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ¢ਦੀਨਾਨਗਰ ਖੇਤਰ ਦੇ ਲੋਕਾਂ ਨੇ ਅੱਜ ਫ਼ੋਨ `ਤੇ ਪੱਤਰਕਾਰਾਂ ਨਾਲ ਸੰਪਰਕ ਕਰਕੇ ਦੱਸਿਆ ਕਿ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕਰਫ਼ਿਊ ਲਗਾਇਆ ਗਿਆ ਹੈ ਤੇ ਇਸ ਲਈ ਅਸੀਂ ਸਰਕਾਰ ਦਾ ਪੂਰਾ ਸਮਰਥਨ ਕਰਦੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਤੇ ਲੋਕ ਘਰਾਂ ਵਿਚ ਰਹਿ ਰਹੇ ਹਨ¢ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਸ਼ਨ ਆਦਿ ਦੀ ਸਪਲਾਈ ਲਈ ਫ਼ੋਨ `ਤੇ ਆਰਡਰ ਭੇਜ ਕੇ ਘਰ ਬੈਠੇ ਰਾਸ਼ਨ ਆਦਿ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਹਨ ਪਰ ਇਸ ਨਾਲ ਸਾਰੇ ਲੋਕਾ ਦੀ ਰਾਸ਼ਨ ਦੀ ਮੰਗ ਦੀ ਪੂਰਤੀ ਹੋਣਾ ਮੁਸ਼ਕਲ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕੁਝ ਜ਼ਿਲਿਆਂ ਵਿਚ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਘਰ ਘਰ ਰਾਸ਼ਨ ਤੇ ਹੋਰ ਜ਼ਰੂਰੀ ਸਮਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ ਇਹ ਸੁਵਿਧਾ ਦੀਨਾਨਗਰ ਤੇ ਆਸ ਪਾਸ ਦੇ ਪੇਂਡੂ ਖੇਤਰਾਂ ਵਿਚ ਵੀ ਸ਼ੁਰੂ ਕੀਤੀ ਜਾਵੇ ਜੇਕਰ ਪ੍ਰਸ਼ਾਸਨ ਇੰਜ ਕਰਨ ਵਿਚ ਅਸਮਰਥ ਹੈ ਤਾਂ ਸਵੇਰ ਵੇਲੇ ਕੁਝ ਸਮੇਂ ਦੀ ਛੂਟ ਦਿੱਤੀ ਜਾਵੇ ਤਾਂ ਕਿ ਲੋਕ ਆਪਣੀ ਜ਼ਰੂਰਤ ਦਾ ਸਮਾਨ ਖ਼ਰੀਦ ਸਕਣ¢ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਵੀ ਪੂਰੇ ਇਲਾਜ ਵਿਚ ਨਾਕਾ ਬੰਦੀ ਕੀਤੀ ਹੋਈ ਸੀ ਤੇ ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਹੀਂ ਆਉਣ ਦਿੱਤਾ ਗਿਆ¢ ਦੀਨਾਨਗਰ ਦੇ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ ਤੇ ਲੋਕਾਂ ਨੂੰ ਕਰਫ਼ਿਊ ਦੌਰਾਨ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ¢ ਉਨ੍ਹਾਂ ਦੱਸਿਆ ਕਿ ਜ਼ਰੂਰਤ ਮੰਦਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਵਸਤੂਆਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ |

Ajit - Punjab Di Awaaz

3 days ago

ਗਰੁੱਪ ਬਣਾ ਕੇ ਘੁੰਮਦੇ ਪ੍ਰਵਾਸੀਆਂ ਦਾ ਡਾਂਗ ਫੇਰ ਕੇ ਪੁਲਿਸ ਨੇ ਚੈੱਕ ਕੀਤਾ ਕੋਰੋਨਾ ਵਾਇਰਸ

ਪੁਰਾਣਾ ਸ਼ਾਲਾ, 25 ਮਾਰਚ (ਗੁਰਵਿੰਦਰ ਸਿੰਘ ਗੋਰਾਇਆ)- ਜਦੋਂ ਲੋਕ ਪਿਆਰ ਦੀ ਭਾਸ਼ਾ ਨਾ ਸਮਝਣ ਤਾਂ ਵਿਗੜਿਆਂ-ਤਿਗੜਿਆਂ ਦਾ ਡੰਡਾ ਪੀਰ ਹੈ, ਦਾ ਮੁਹਾਵਰਾ ਸਿੱਧ ਕਰਵਾਉਣਾ ਵੀ ਪੰਜਾਬ ਪੁਲਿਸ ਦੀ ਮਜਬੂਰੀ ਬਣ ਜਾਂਦੀ ਹੈ | ਅਜਿਹਾ ਹੀ ਕੁਝ ਨਜ਼ਾਰਾ ਅੱਜ ਬਾਅਦ ਦੁਪਹਿਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਬਾਜ਼ਾਰ `ਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਕਰਫ਼ਿਊ ਦੇ ਪਸਰੇ ਸੰਨਾਟੇ ਦਾ ਨਜ਼ਾਰਾ ਤੱਕਣ ਲਈ ਕਰੀਬ 18 ਤੋਂ 20 ਵਿਅਕਤੀਆਂ ਦਾ ਝੁੰਡ ਬਣਾ ਕੇ ਟਹਿਲ ਰਹੇ ਪ੍ਰਵਾਸੀ ਮਜ਼ਦੂਰਾਂ ਦੇ ਗਰੁੱਪ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਸੜਕ ਵਿਚਕਾਰ ਲੰਮਿਆਂ ਪਾ ਕੇ ਡਾਂਗ ਫੇਰਨੀ ਸ਼ੁਰੂ ਕਰ ਦਿੱਤੀ | ਇਨ੍ਹਾਂ ਪ੍ਰਵਾਸੀਆਂ ਦਾ ਪੁਲਿਸ ਵਲੋਂ ਰੱਜ ਕੇ ਕੁਟਾਪਾ ਚਾੜ੍ਹਨ ਦੇ ਨਾਲ-ਨਾਲ ਕੜਾਕੇ ਦੀ ਧੁੱਪ-ਧੁੱਪ `ਚ ਸੜਕ `ਤੇ ਮੂਧੇ ਮੂੰਹ ਲੰਮੇ ਪਾ ਕੇ ਨੱਕ ਦੀਆਂ ਲਕੀਰਾਂ ਕੱਢਵਾਉਣ ਤੋਂ ਬਾਅਦ ਭਜਾ-ਭਜਾ ਕੇ ਮੌਰ ਸੇਕਣ ਦਾ ਨਜ਼ਾਰਾ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ `ਤੇ ਖਲੋ ਕੇ ਤੱਕਿਆ ਇੱਥੇ ਹੀ ਬੱਸ ਨਹੀਂ | ਇਸ ਤੋਂ ਇਲਾਵਾ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ `ਚ ਪੁਲਿਸ ਵਲੋਂ ਪਿੰਡ ਕਲੀਚਪੁਰ ਵਿਖੇ ਕੀਤੀ ਜਾ ਰਹੀ ਗਸ਼ਤ ਦੌਰਾਨ ਬਿਨਾਂ ਮਤਲਬ ਤੋਂ ਸੜਕ `ਤੇ ਆਵਾਰਾ ਘੁੰਮ ਰਹੇ ਛੁੱਟੀ ਆਏ ਸਥਾਨਕ 3 ਫ਼ੌਜੀਆਂ ਨੂੰ ਜਦੋਂ ਥਾਣਾ ਮੁਖੀ ਵਲੋਂ ਪਿਆਰ ਨਾਲ ਸਮਝਾ ਕੇ ਘਰਾਂ `ਚ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਫ਼ੌਜੀ ਪੁਲਿਸ ਨਾਲ ਬਦਸਲੂਕੀ `ਤੇ ਉਤਰ ਆਏ ਤਾਂ ਮਜਬੂਰਨ ਪੁਲਿਸ ਵਲੋਂ ਇਨ੍ਹਾਂ ਤਿੰਨਾਂ ਫ਼ੌਜੀਆਂ ਦਾ ਵੀ ਰੱਜ ਕੇ ਕੁਟਾਪਾ ਚੜ੍ਹਾਉਣ ਉਪਰੰਤ ਇਨ੍ਹਾਂ ਨੂੰ ਥਾਣੇ `ਚ ਬੰਦੀ ਬਣਾ ਲਿਆ | ਜਦੋਂ ਕਿ ਉਕਤ ਫ਼ੌਜੀਆਂ ਵਲੋਂ ਮੋਹਤਬਰਾਂ ਦੀ ਹਾਜ਼ਰੀ `ਚ ਲਿਖਤੀ ਮੁਆਫ਼ੀ ਮੰਗ ਕੇ ਪੁਲਿਸ ਤੋਂ ਖਹਿਰਾ ਛੁਡਾਉਣਾ ਪਿਆ, ਜਿਸ ਤੋਂ ਇਹ ਜ਼ਾਹਿਰ ਹੈ ਕਿ ਲੋਕਾਂ ਵਲੋਂ ਪਿਆਰ ਦੀ ਭਾਸ਼ਾ ਨਾ ਸਮਝਣ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ `ਤੇ ਇਸ ਕਦਰ ਸਖ਼ਤੀ ਵਰਤਣੀ ਪੈ ਰਹੀ ਹੈ |

Ajit - Punjab Di Awaaz

3 days ago

ਲੋਕਾਂ ਤੱਕ ਸਹੀ ਸੂਚਨਾ ਪਹੁੰਚੇ ਇਸ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਹਨ ਯਤਨ-ਐਸ.ਡੀ.ਐਮ.

ਬਟਾਲਾ, 25 ਮਾਰਚ (ਕਾਹਲੋਂ)- ਕੋਵਿਡ-19 ਦੇ ਕਹਿਰ ਨੂੰ ਰੋਕਣ ਲਈ ਰਾਜ ਸਰਕਾਰ ਵਲੋਂ ਜਿਥੇ ਹੋਰ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ, ਉਥੇ ਲੋਕਾਂ ਤੱਕ ਬਿਲਕੁੱਲ ਸਹੀ ਸੂਚਨਾ ਪਹੁੰਚੇ, ਇਸ ਲਈ ਵੀ ਯਤਨ ਕੀਤੇ ਜਾ ਰਹੇ ਹਨ | ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਪ੍ਰਸ਼ਾਸਨ ਵਲੋਂ ਵਿਸ਼ੇਸ਼ ਵਾਹਨਾਂ ਰਾਹੀਂ ਅਨਾਉਂਸਮੈਂਟ ਕਰਕੇ ਲੋਕਾ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਐਸ.ਡੀ.ਐਮ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਸਭ ਤੋਂ ਵੱਡੇ ਸ਼ਹਿਰ ਬਟਾਲਾ ਵਿਚ 6 ਲਾਊਡ ਸਪੀਕਰਾਂ ਰਾਹੀਂ ਸਰਕਾਰ ਦੀਆ ਹਦਾਇਤਾਂ ਦੀ ਅਨਾਉਸਮੈਂਟ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚੋਂ ਤਿੰਨ ਰਿਕਸ਼ੇ ਸ਼ਹਿਰ ਦੇ ਅੰਦਰੂਨੀ ਭਾਗਾਂ ਵਿਚ ਜਾ ਕੇ ਸਰਕਾਰ ਦਾ ਸੁਨੇਹਾ ਦੇ ਰਹੇ ਹਨ | ਇਸ ਤੋਂ ਇਲਾਵਾ ਬਟਾਲਾ ਦੇ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਵਲੋਂ ਪ੍ਰੈੱਸ ਮੀਡੀਆ ਰਾਹੀਂ ਹਰ ਸੂਚਨਾ ਲੋਕਾਂ ਤੱਕ ਪੁੱਜਦਾ ਕੀਤੀ ਜਾ ਰਹੀ ਹੈ | ਐਸ.ਡੀ.ਐਮ. ਸ: ਬਲਵਿੰਦਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਦੇ ਹੋਰ ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਹੀ ਜਾਦਕਾਰੀ ਦੇਣ ਲਈ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵਿਚ ਬਿਲਕੁੱਲ ਯਕੀਨ ਨਾ ਕਰਨ ਅਤੇ ਕੋਰੋਨਾ ਵਾਇਰਸ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਜਾਂ ਸਿਹਤ ਵਿਭਾਗ ਦੇ ਹੈਲਥ ਲਾਇਨ ਨੰ: 104 ਉਪਰ ਸੰਪਰਕ ਕੀਤਾ ਜਾ ਸਕਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਇਸ ਖਤਰਨਾਕ ਵਾਇਰਸ ਤੋਂ ਬਚੇ ਰਹਿਣ |

Ajit - Punjab Di Awaaz

3 days ago

ਕਰਫਿਊ ਦੌਰਾਨ ਕਿਸੇ ਵਿਅਕਤੀ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ-ਡੀ.ਸੀ.

ਬਟਾਲਾ, 25 ਮਾਰਚ (ਕਾਹਲੋਂ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਕਰਫਿਊ ਦੌਰਾਨ ਕਿਸੇ ਵੀ ਗਰੀਬ ਅਤੇ ਲੋੜਵੰਦ ਵਿਅਕਤੀ ਨੂੰ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ ਅਤੇ ਸਰਕਾਰੀ ਅਮਲਾ ਇਹ ਰਾਸ਼ਨ ਲੋੜਵੰਦ ਦੇ ਘਰ ਤੱਕ ਪਹੁੰਚਾ ਕੇ ਆਵੇਗਾ | ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ ਪ੍ਰਸ਼ਾਸਨ ਦੇ ਵੱਟਸਐਪ ਨੰਬਰ 70099-89791 ਉੱਪਰ ਮੁਫ਼ਤ ਰਾਸ਼ਨ ਦੀ ਮੰਗ ਕਰ ਸਕਦੇ ਹਨ | ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਅੱਜ ਬਟਾਲਾ ਵਿਖੇ ਸੈਕਟਰ ਮੈਜਿਸਟ੍ਰੇਟ ਨਾਲ ਮੀਟਿੰਗ ਦੌਰਾਨ ਸਾਂਝੀ ਕੀਤੀ | ਇਸ ਮੀਟਿੰਗ ਵਿਚ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ, ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਐੱਸ.ਡੀ.ਐੱਮ. ਬਟਾਲਾ ਬਲਵਿੰਦਰ ਸਿੰਘ, ਐੱਸ.ਐੱਮ.ਓ. ਡਾ. ਸੰਜੀਵ ਭੱਲਾ, ਤਹਿਸੀਲਦਾਰ ਬਟਾਲਾ ਬਲਜਿੰਦਰ ਸਿੰਘ ਅਤੇ ਸਮੂਹ ਸੈਕਟਰ ਅਫ਼ਸਰ ਵੀ ਹਾਜ਼ਰ ਸਨ | ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਜੇਕਰ ਕਿਸੇ ਵਲੋਂ ਲੋੜਵੰਦ/ਗਰੀਬ ਪਰਿਵਾਰਾਂ ਨੂੰ ਜਰੂਰੀ ਘਰੇਲੂ ਵਰਤੋਂ ਵਾਲੇ ਸਮਾਨ/ਰਾਸ਼ਨ ਦੀ ਲੋੜ ਹੈ ਤਾਂ ਬਿਨਾਂ ਝਿਜਕ ਜ਼ਿਲ੍ਹਾ ਪ੍ਰਸ਼ਾਸਨ ਦੇ ਨੰਬਰ `ਤੇ ਸੰਪਰਕ ਕਰ ਸਕਦੇ ਹਨ ਅਤੇ ਜ਼ਿਲ੍ਹਾ ਪ੍ਰ੍ਰਸ਼ਾਸਨ ਵਲੋਂ ਸਾਮਾਨ/ਰਾਸ਼ਨ ਉਨਾਂ ਦੇ ਘਰ ਤੱਕ ਪੁੱਜਦਾ ਕੀਤਾ ਜਾਵੇਗਾ | ਉਨ੍ਹਾਂ ਸੈਕਟਰ ਮੈਜਿਸਟਰੇਟ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਰਾਸ਼ਨ ਹਰ ਲੋੜਵੰਦ ਤੱਕ ਜ਼ਰੂਰ ਪਹੁੰਚੇ | ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਤੱਕ ਰਾਸ਼ਨ, ਦਵਾਈਆਂ, ਸਬਜ਼ੀਆਂ ਦੀ ਸਪਲਾਈ ਕਰਨ ਵਾਲੇ ਵਿਅਕਤੀਆਂ ਨੂੰ ਪਾਸ ਜਾਰੀ ਕਰਨ ਦੀ ਆਗਿਆ ਸੈਕਟਰ ਮੈਜਿਸਟਰੇਟ ਨੂੰ ਦੇ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸ਼ਹਿਰਾਂ ਦੇ ਨਾਲ ਪਿੰਡਾਂ ਵਿਚ ਵੀ ਜ਼ਰੂਰੀ ਘਰੇਲੂ ਸਾਮਾਨ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਲਈ ਸੈਕਟਰ ਮੈਜਿਸਟਰੇਟ ਹਰ ਪਿੰਡ ਵਿਚ 2 ਵਿਅਕਤੀਆਂ ਨੂੰ ਘਰ-ਘਰ ਸਪਲਾਈ ਲਈ ਪਾਸ ਜਾਰੀ ਕੀਤੇ ਜਾ ਸਕਦੇ ਹਨ | ਇਸ ਦੇ ਨਾਲ ਹੀ ਬਟਾਲਾ ਸ਼ਹਿਰ ਦੇ ਸਾਰੇ ਮੈਡੀਕਲ ਸਟੋਰ ਨੂੰ ਘਰਾਂ ਵਿਚ ਦਵਾਈਆਂ ਸਪਲਾਈ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ | ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਲੋੜਵੰਦ/ਗਰੀਬ ਲੋਕਾਂ ਨੂੰ ਦੇਣ ਲਈ ਆਟਾ, ਚੌਲ, ਦਾਲਾਂ, ਨਮਕ, ਘਿਓ ਤੇ ਮਸਾਲੇ ਆਦਿ ਸਾਮਾਨ ਦੇ ਪੈਕੇਟ ਤਿਆਰ ਕੀਤੇ ਗਏ ਹਨ ਅਤੇ ਇਹ ਹਰ ਲੋੜਵੰਦ ਤੱਕ ਪਹੁੰਚਾਏ ਜਾਣਗੇ |

Ajit - Punjab Di Awaaz

3 days ago

ਸੰਨੀ ਦਿਓਲ ਨੇ ਆਪਣੇ ਐਮ.ਪੀ. ਫੰਡ `ਚੋਂ 50 ਲੱਖ ਜਾਰੀ ਕੀਤੇ

ਬਟਾਲਾ, 25 ਮਾਰਚ (ਕਾਹਲੋਂ)-ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਨੇ ਸਿਹਤ ਵਿਭਾਗ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਬਚਣ ਲਈ 50 ਲੱਖ ਦਾ ਫੰਡ ਜਾਰੀ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ ਨੂੰ ਇਸ ਮਹਾਂਮਾਰੀ `ਚ ਨਜਿੱਠਣ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਉਹ ਇਹ ਫੰਡ ਜਾਰੀ ਕਰ ਰਹੇ ਹਨ |

Ajit - Punjab Di Awaaz

3 days ago

ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਘਰਾਂ `ਚ ਰਹਿਣ ਦੀ ਅਪੀਲ

ਗੁਰਦਾਸਪੁਰ, 25 ਮਾਰਚ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਰਫ਼ਿਊ ਦੌਰਾਨ ਆਪਣੇ ਘਰਾਂ ਵਿਚੋਂ ਬਾਹਰ ਨਾ ਨਿਕਲਣ | ਹਰੇਕ ਜ਼ਰੂਰਤ ਵਾਲੀ ਵਸਤਾਂ ਉਨ੍ਹਾਂ ਦੇ ਘਰ ਤੱਕ ਪੁੱਜਦਾ ਕਰਨ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ | ਦਵਾਈਆਂ, ਦੁੱਧ, ਸਬਜ਼ੀਆਂ ਤੇ ਕਰਿਆਨੇ ਆਦਿ ਦੀਆਂ ਜ਼ਰੂਰੀ ਵਸਤਾਂ ਲੋਕਾਂ ਦੇ ਘਰਾਂ ਤੱਕ ਪੁੱਜਦਾ ਕੀਤੀਆਂ ਜਾਣਗੀਆਂ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਮੈਡੀਕਲ ਹੈਲਪ ਲਾਈਨ ਜਾਰੀ ਕੀਤੇ ਗਏ ਹਨ, ਲੋਕ ਕਿਸੇ ਵੀ ਮੈਡੀਕਲ ਸਹੂਲਤ/ਜਾਣਕਾਰੀ ਲਈ ਫੋਨ ਨੰਬਰ 78886-05844, 97802-35495 ਅਤੇ 01874-240990 `ਤੇ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਸਿਵਲ ਸਰਜਨ ਸਮੇਤ ਹੋਰ ਸਮਰੱਥ ਸਿਹਤ ਅਧਿਕਾਰੀਆਂ ਵਲੋਂ ਮੈਡੀਕਲ ਸਟੋਰ ਅਤੇ ਦੁਕਾਨਾਂ ਤੋਂ ਘਰਾਂ ਤੱਕ ਦਵਾਈਆਂ ਪੁੱਜਦਾ ਕਰਨ ਲਈ ਕਰਫ਼ਿਊ ਪਾਸ ਜਾਰੀ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੰੂ ਦੁਕਾਨ ਵਿਚੋਂ ਗਾਹਕ ਨੂੰ ਸਮਾਨ ਦੇਣ ਦੀ ਬਜਾਏ ਘਰਾਂ ਤੱਕ ਹੋਮ ਡਲਿਵਰੀ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕੋਰੋਨਾ ਵਾਇਰਸ ਦੇ ਬਚਾਅ ਲਈ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਨਾ ਕੀਤੀ ਜਾ ਸਕੇ ਅਤੇ ਆਪਸੀ ਦੂਰੀ ਨੂੰ ਬਣਾ ਕੇ ਰੱਖਿਆ ਜਾ ਸਕੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਕਿਸੇ ਵੀ ਮੁਸ਼ਕਿਲ ਜਾਂ ਸਮੱਸਿਆ ਲਈ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀਆਂ ਹੈਲਪ ਲਾਈਨ ਨੰਬਰ 01874-221464, 221463 ਅਤੇ 247500 `ਤੇ ਸੰਪਰਕ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਲੋੜਵੰਦ ਗ਼ਰੀਬ ਵਿਅਕਤੀ ਨੂੰ ਰਾਸ਼ਨ ਦੀ ਲੋੜ ਹੋਵੇ ਤਾਂ ਉਹ ਵਟਸਐਪ ਨੰਬਰ 70099-89791 `ਤੇ ਸੰਪਰਕ ਕਰ ਸਕਦਾ ਹੈ | ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ ਉਪਰ ਵੀ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਸੂਚਨਾ ਸਬੰਧੀ ਸੂਚਨਾਵਾਂ ਜਾਰੀ ਕੀਤੀਆਂ ਹਨ | ਜ਼ਿਲ੍ਹਾ ਵਾਸੀ ਉਪਰੋਕਤ ਵੈੱਬਸਾਈਟ ਰਾਹੀਂ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਦੋਧੀਆਂ ਵਲੋਂ ਘਰਾਂ ਤੱਕ ਦੁੱਧ ਪੁੱਜਦਾ ਕਰਨ ਲਈ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ ਸ਼ਾਮ 8 ਵਜੇ ਤੱਕ ਦੁੱਧ ਘਰ ਦੇਣ ਦੀ ਛੋਟ ਦਿੱਤੀ ਗਈ ਹੈ ਅਤੇ ਵੇਰਕਾ ਤੇ ਅਮੁੱਲ ਦੁੱਧ ਵੀ ਲੋਕਾਂ ਦੇ ਘਰ ਨਿਰਵਿਘਨ ਪਹੰੁਚਾਉਣ ਨੂੰ ਯਕੀਨੀ ਬਣਾਇਆ ਗਿਆ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਕਰਿਆਨਾ, ਸਬਜ਼ੀਆਂ, ਬੇਕਰੀ, ਗੈਸ ਦੀ ਸਪਲਾਈ ਅਤੇ ਹੋਰ ਲੋੜੀਂਦਾ ਜ਼ਰੂਰਤ ਵਾਲਾ ਸਮਾਨ ਸਬੰਧਿਤ ਦੁਕਾਨਦਾਰਾਂ ਵਲੋਂ ਹੋਮ ਡਲਿਵਰੀ ਰਾਹੀਂ ਲੋਕਾਂ ਤੱਕ ਘਰ ਪੁੱਜਦਾ ਕਰਨ ਲਈ ਫੂਡ ਸਪਲਾਈ ਵਿਭਾਗ ਵਲੋਂ ਕਰਫ਼ਿਊ ਪਾਸ ਜਾਰੀ ਕੀਤੇ ਹਨ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ |

Ajit - Punjab Di Awaaz

3 days ago

ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਵਲੋਂ ਲਾਏ ਕਰਫ਼ਿਊ ਨੂੰ ਲੋਕ ਦੇ ਰਹੇ ਨੇ ਪੂਰਾ ਸਹਿਯੋਗ

(ਨਵਾਂਗਰਾਈਾ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਕਰਫ਼ਿਊ ਲਗਾਉਣ ਦਾ ਜੋ ਫ਼ੈਸਲਾ ਲਿਆ ਹੈ, ਦੇ ਤੀਜੇ ਦਿਨ ਵੀ ਅੱਜ ਇਸ ਇਲਾਕੇ ਵਿਚ ਇਕਾ ਦੁੱਕਾ ਲੋਕਾਂ ਨੂੰ ਛੱਡ ਕੇ ਸਰਕਾਰ ਦੇ ਇਸ ਫ਼ੈਸਲੇ ਦਾ ਪੂਰਾ ਸਾਥ ਦਿੱਤਾ ਅਤੇ ਅੱਜ ਵੀ ਪੂਰਨ ਤੌਰ `ਤੇ ਲੋਕੀਂ ਘਰਾਂ ਤੋਂ ਬਾਹਰ ਘੱਟ ਹੀ ਨਿਕਲੇ ਅਤੇ ਬਾਜ਼ਾਰ ਬੰਦ ਰਹੇ | ਇਸ ਤੋਂ ਇਲਾਵਾ ਇਸ ਇਲਾਕੇ ਦੇ ਪਿੰਡਾਂ ਵਿਚ ਵੀ ਲੋਕਾਂ ਵਲੋਂ ਸਰਕਾਰ ਵਲੋਂ ਲਗਾਏ ਕਰਫ਼ਿਊ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਲੋਕ ਘਰਾਂ ਤੋਂ ਬਾਹਰ ਨਹੀਂ ਆ ਰਹੇ ਹਨ ਅਤੇ ਪਿੰਡਾਂ ਵਿਚ ਸੰਨਾਟਾ ਛਾਇਆ ਹੋਇਆ ਹੈ | ਪੋਜੇਵਾਲ ਸਰਾਂ, ਕੁੱਕੜ ਮਜਾਰਾ, ਟੋਰੋਵਾਲ ਰੌੜੀ, ਪੋਜੇਵਾਲ, ਰੋੜ ਮਜਾਰਾ, ਨਵਾਂਗਰਾਂ, ਮਾਲੇਵਾਲ, ਸਿੰਘਪੁਰ, ਚਾਂਦਪੁਰ ਰੁੜਕੀ ਦੇ ਬਾਜ਼ਾਰ ਇਕ ਦਮ ਬੰਦ ਰਹੇ |

Ajit - Punjab Di Awaaz

3 days ago

ਜ਼ਿਲ੍ਹੇ `ਚ 45 ਮੈਡੀਕਲ ਦੀਆਂ ਦੁਕਾਨਾਂ ਤੋਂ ਲੋਕਾਂ ਨੂੰ ਮਿਲੀ ਸੁਵਿਧਾ-ਵਿਨੈ ਬਬਲਾਨੀ

ਨਵਾਂਸ਼ਹਿਰ, 25 ਮਾਰਚ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ `ਚ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲਾਏ ਗਏ ਕਰਫ਼ਿਊ ਤੋਂ ਲੋਕਾਂ ਦੀਆਂ ਆਮ ਲੋੜਾਂ ਪ੍ਰਭਾਵਿਤ ਨਾ ਹੋਣ ਦੇਣ ਨੂੰ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਵਾਈਆਂ, ਘਰੇਲੂ ਰਾਸ਼ਨ ਅਤੇ ਸਬਜ਼ੀਆਂ ਸਪਲਾਈ ਕਰਨ ਦੀ ਯੋਜਨਾ ਸਫਲ ਰਹੀ | ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹੇ `ਚ 45 ਦੇ ਕਰੀਬ ਦਵਾਈਆਂ ਦੀਆਂ ਦੁਕਾਨਾਂ ਰਾਹੀਂ ਅੱਜ ਲੋਕਾਂ ਨੂੰ ਦਵਾਈਆਂ ਦੀ ਸਪਲਾਈ ਕੀਤੀ ਗਈ | ਇਨ੍ਹਾਂ ਵਿਚ ਜੀ. ਓ. ਜੀਜ਼. ਵਲੋਂ ਦੂਰ-ਦੁਰਾਡੇ ਦੇ ਪਿੰਡਾਂ ਤੱਕ ਦਵਾਈਆਂ ਪਹੁੰਚਾਉਣ `ਚ ਸਹਾਇਤਾ ਕੀਤੀ ਗਈ | ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਗਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੇ ਸ਼ਹਿਰੀ ਖੇਤਰਾਂ `ਚ ਤਜਰਬੇ ਦੇ ਆਧਾਰ `ਤੇ ਕਰਵਾਈ ਗਈ ਘਰੇਲੂ ਸਾਮਾਨ ਦੀ ਵੰਡ ਦੀ ਯੋਜਨਾ ਵੀ ਪੂਰੀ ਕਾਮਯਾਬ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ, ਬਰਨਾਲਾ ਰੋਡ, ਹੀਰਾ ਜੱਟਾਂ ਮੁਹੱਲਾ, ਟੀਚਰ ਕਲੋਨੀ, ਸ਼ੂਗਰ ਮਿੱਲ ਦੇ ਨੇੜੇ, ਰਾਹੋਂ ਰੋਡ, ਸਲੋਹ ਰੋਡ, ਵਿਕਾਸ ਨਗਰ, ਨਿਊ ਟੀਚਰ ਕਾਲੋਨੀ, ਫਰੈਂਡਜ਼ ਕਲੋਨੀ, ਖਾਰਾ ਕਲੋਨੀ, ਕਰਿਆਮ ਰੋਡ, ਨਵੀਂ ਆਬਾਦੀ, ਸ੍ਰੀ ਗੁਰੂ ਰਵਿਦਾਸ ਮੁਹੱਲਾ ਅਤੇ ਪੰਡੋਰਾ ਮੁਹੱਲਾ ਵਿਚ ਗੱਡੀਆਂ ਰਾਹੀਂ ਰਾਸ਼ਨ ਪਹੁੰਚਾਇਆ ਗਿਆ | ਇਸੇ ਤਰ੍ਹਾਂ ਬੰਗਾ ਸ਼ਹਿਰ `ਚ 4 ਗੱਡੀਆਂ ਰਾਸ਼ਨ ਤੋਂ ਬਾਅਦ ਸ਼ਾਮ ਤੱਕ ਚਾਰ ਹੋਰ ਗੱਡੀਆਂ ਰਾਸ਼ਨ ਦੀਆਂ ਭੇਜੀਆਂ ਜਾ ਚੁੱਕੀਆਂ ਸਨ | ਉਨ੍ਹਾਂ ਦੱਸਿਆ ਕਿ ਰਾਸ਼ਨ ਦੀ ਵੰਡ ਨੂੰ ਬਾਕੀ ਸ਼ਹਿਰਾਂ ਤੱਕ ਅਤੇ ਪਿੰਡਾਂ ਤੱਕ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਵਲੋਂ ਘਰਾਂ ਤੱਕ ਸਪਲਾਈ ਨੂੰ ਹੋਰ ਮਜ਼ਬੂਤ ਕਰਨ `ਤੇ ਜ਼ੋਰ ਦਿੱਤਾ ਗਿਆ | ਮਾਰਕੀਟ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ `ਚ ਰੇਹੜੀਆਂ ਰਾਹੀਂ ਸਬਜ਼ੀਆਂ ਦੀ ਸਪਲਾਈ ਕੀਤੀ ਗਈ, ਉਨ੍ਹਾਂ ਦੱਸਿਆ ਕਿ ਇਸ ਯੋਜਨਾ ਨੂੰ ਪਿੰਡਾਂ ਤੱਕ ਵੀ ਲਿਜਾਇਆ ਜਾਵੇਗਾ | ਡਿਪਟੀ ਕਮਿਸ਼ਨਰ ਸ੍ਰੀ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਜਿਵੇਂ ਦੁੱਧ-ਦਹੀਂ, ਸਬਜ਼ੀਆਂ, ਦਵਾਈਆਂ ਅਤੇ ਰਾਸ਼ਨ ਨੂੰ ਅੱਜ ਪੁਰਾ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਆਪਸ `ਚ ਨਾ ਮਿਲਣ ਦੇਣ ਅਤੇ ਬਿਮਾਰੀ ਦੀ ਰੋਕਥਾਮ ਲਈ ਸਰਕਾਰ ਵਲੋਂ ਲਾਈਆਂ ਪਾਬੰਦੀਆਂ `ਚ ਸਹਿਯੋਗ ਦਿੰਦੇ ਹੋਏ ਘਰਾਂ `ਚ ਹੀ ਬੈਠਣ ਨੂੰ ਤਰਜੀਹ ਦੇਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਮੈਡੀਕਲ ਐਮਰਜੈਂਸੀ ਲਈ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਪਾਸ ਜਾਰੀ ਕਰਨ ਦੇ ਅਖ਼ਤਿਆਰ ਦਿੱਤੇ ਗਏ ਹਨ ਅਤੇ ਕੋਈ ਵੀ ਵਿਅਕਤੀ ਇਸ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ |

Ajit - Punjab Di Awaaz

3 days ago

ਬੇਸਹਾਰਾ ਪਸ਼ੂ ਵੀ ਚੜ੍ਹ ਰਹੇ ਕਰਫ਼ਿਊ ਦੀ ਭੇਟ

ਬਲਾਚੌਰ, 25 ਮਾਰਚ (ਦੀਦਾਰ ਸਿੰਘ ਬਲਾਚੌਰੀਆ)- ਕੋਰੋਨਾ ਵਾਇਰਸ ਕਾਰਨ ਲੋਕਾਂ ਦੀ ਭਲਾਈ ਲਈ ਸਰਕਾਰ ਵਲੋਂ ਲਾਏ ਗਏ ਕਰਫ਼ਿਊ ਕਾਰਨ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ, ਖ਼ਾਸ ਕਰ ਦਿਹਾੜੀਦਾਰ ਲੋਕ ਜਿਨ੍ਹਾਂ ਨੇ ਰੋਜ਼ ਕਮਾਉਣਾ ਹੁੰਦਾ ਹੈ ਤੇ ਰੋਜ਼ ਖਾਣਾ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ | ਆਮ ਦਿਨਾਂ ਅੰਦਰ ਬੇਸਹਾਰਾ ਪਸ਼ੂ ਸਬਜ਼ੀ ਮੰਡੀ, ਸਬਜ਼ੀ ਤੇ ਫ਼ਲਾਂ ਦੀਆ ਦੁਕਾਨਾਂ ਤੇ ਬੇਕਰੀ ਦੀਆਂ ਦੁਕਾਨਾਂ ਵਾਲਿਆਂ ਵਲੋਂ ਸ਼ਾਮ ਸਮੇਂ ਸੁੱਟੀ ਜਾਣ ਵਾਲੀ ਸਬਜ਼ੀ, ਫ਼ਲ ਅਤੇ ਹੋਰ ਸਾਮਾਨ ਖਾ ਕੇ ਢਿੱਡ ਭਰ ਲੈਂਦੇ ਸਨ ਜਾਂ ਫਿਰ ਦਾਨੀ ਸੱਜਣਾਂ ਵਲੋਂ ਸਵੇਰ ਸ਼ਾਮ ਪਾਏ ਜਾਣ ਵਾਲੇ ਹਰੇ ਚਾਰੇ `ਤੇ ਨਿਰਭਰ ਰਹਿੰਦੇ ਹਨ ਪਰ ਕਰਫ਼ਿਊ ਲੱਗਣ ਕਾਰਨ ਸਾਰੇ ਕਾਰੋਬਾਰ ਬੰਦ ਹੋ ਗਏ ਹਨ | ਸੜਕਾਂ `ਤੇ ਪੁਲਿਸ ਫੋਰਸ, ਮੀਡੀਆ ਕਰਮੀਆਂ ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਤੋਂ ਸਿਵਾਏ ਹੋਰ ਆਮ ਵਿਅਕਤੀ ਤੱਕ ਕੋਈ ਦਿਖਾਈ ਨਹੀਂ ਦੇ ਰਿਹਾ, ਜਿਸ ਕਾਰਨ ਇਨ੍ਹਾਂ ਬੇਸਹਾਰਾ ਪਸ਼ੂਆਂ ਦਾ ਰੱਬ ਹੀ ਰਾਖਾ ਹੈ | ਰਾਜਪੂਤ ਸਭਾ ਦੇ ਸਮਾਜ ਸੇਵੀ ਬਾਬਾ ਸੁਰਜੀਤ ਸਿੰਘ ਕੰਗਣਾ ਬੇਟ, ਕਾਮਰੇਡ ਬੂਟਾ ਮੁਹੰਮਦ, ਸਮਾਜ ਸੇਵੀ ਰਾਜਿੰਦਰ ਅਰੋੜਾ, ਭਾਜਪਾ ਮੰਡਲ ਬਲਾਚੌਰ ਦੇ ਪ੍ਰਧਾਨ ਵਰਿੰਦਰ ਸੈਣੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਚਾਰਾ ਪਾਉਣ ਲਈ ਪ੍ਰਸ਼ਾਸਨ ਵਲੋਂ ਉਪਰਾਲਾ ਕੀਤਾ ਜਾਵੇ |

Ajit - Punjab Di Awaaz

3 days ago

ਗੜੀ ਭਾਰਟੀ ਕਲੱਬ ਦੇ ਮੈਂਬਰਾਂ ਵਲੋਂ ਪਿੰਡ `ਚ ਕੀਤਾ ਸੈਨੀਟਾਈਜ਼ਰ ਦਾ ਛਿੜਕਾਅ

ਔੜ, 25 ਮਾਰਚ (ਜਰਨੈਲ ਸਿੰਘ ਖ਼ੁਰਦ)- ਸ਼ੇਰੇ-ਏ-ਪੰਜਾਬ ਸਪੋਰਟਸ ਐਾਡ ਵੈੱਲਫੇਅਰ ਕਲੱਬ, ਗਰਾਮ ਪੰਚਾਇਤ ਅਤੇ ਪ੍ਰਵਾਸੀ ਵੀਰ ਪਿੰਡ ਗੜੀ ਭਾਰਟੀ ਦੇ ਸਹਿਯੋਗ ਨਾਲ ਕੋਰੋਨਾ ਵਾਇਰਸ ਦੇ ਬਚਾਓ ਲਈ ਸਾਰੇ ਪਿੰਡ `ਚ ਅਤੇ ਪਿੰਡ ਤੋਂ ਬਾਹਰ ਰਹਿੰਦੇ ਝੁੱਗੀਆਂ ਝੌਾਪੜੀਆਂ ਨੂੰ ਸੈਨੇਟਾਈਜਰ, ਡੈਟੋਲ ਅਤੇ ਫਰਨੈਲ ਦੇ ਘੋਲ ਦਾ ਸਪਰੇਅ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਰਮਨ ਭੌਰੀਆ ਨੇ ਦੱਸਿਆ ਕਿ ਸ਼ੇਰੇ-ਏ-ਪੰਜਾਬ ਕਲੱਬ ਦੇ ਨੌਜਵਾਨਾਂ ਵਲੋਂ ਕੋਰੋਨਾ ਵਾਇਰਸ ਨਾਂਅ ਦੀ ਲਾ-ਇਲਾਜ ਬਿਮਾਰੀ ਨੂੰ ਰੋਕਣ ਲਈ ਦਵਾਈ ਦੇ ਛਿੜਕਾਅ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਸਾਡੇ ਕਲੱਬ ਦੇ ਸਾਰੇ ਮੈਂਬਰਾਂ ਵਲੋਂ ਪਿੰਡ ਦੇ ਹਰ ਘਰ-ਘਰ ਜਾ ਕੇ ਸੈਨੇਟਾਈਜਰ ਦਾ ਛਿੜਕਾਅ ਕੀਤਾ ਜਾ ਰਿਹਾ ਹੈ | ਇਸ ਕੰਮ ਵਿਚ ਸਮੂਹ ਪਿੰਡ ਵਾਸੀਆਂ ਵਲੋਂ ਵੀ ਸਾਨੂੰ ਇਸ ਪੁੰਨ ਦੇ ਕੰਮ ਵਿਚ ਆਪਣਾ ਬਣਦਾ ਪੂਰਾ-ਪੂਰਾ ਸਹਿਯੋਗ ਦਿੱਤਾ ਗਿਆ | ਇਸ ਮੁਹਿੰਮ ਨੂੰ ਹੋਰ ਵੀ ਸਫਲ ਬਣਾਉਣ ਲਈ ਪਿੰਡ ਦੇ ਸਰਪੰਚ ਮਹਿੰਦਰ ਸਿੰਘ ਨੇ ਆਪਣੇ ਸਾਥੀ ਪੰਚਾਂ ਨਾਲ ਰਲ ਕੇ ਲੋਕਾਂ ਨੂੰ ਸਾਡੇ ਨਾਲ ਘਰ-ਘਰ ਜਾ ਕੇ ਆਪਣੇ ਘਰਾਂ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਅਤੇ ਆਪਣੇ ਬਚਾਅ ਲਈ ਹਰ ਵਿਅਕਤੀ ਨੂੰ ਆਪਣੇ ਹੱਥ ਸਾਬਣ ਨਾਲ ਧੋਣ ਅਤੇ ਘਰ ਦੀ ਸਫ਼ਾਈ ਰੱਖਣ ਲਈ ਪ੍ਰੇਰਤ ਕੀਤਾ ਗਿਆ | ਜੇਕਰ ਕਿਸੇ ਨੂੰ ਤਕਲੀਫ਼ ਹੁੰਦੀ ਹੈ ਤਾਂ ਤੁਰੰਤ ਕਲੱਬ ਦੇ ਮੈਂਬਰਾਂ ਜਾ ਗਰਾਮ ਪੰਚਾਇਤ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ ਪਰ ਆਪ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਘਰੋਂ ਬਾਹਰ ਨਾ ਨਿਕਲੇ | ਇਸ ਮੌਕੇ ਛਿੰਦਰ ਪਾਲ, ਕਮਲਜੀਤ ਭੌਰੀਆ, ਅਵਤਾਰ, ਸਤੀਸ਼ ਭੌਰੀਆ, ਨਰਿੰਦਰ ਸਿੰਘ, ਪਰਮਿੰਦਰ ਸਿੰਘ, ਰਾਹੁਲ ਭੌਰੀਆ, ਲਖਵੀਰ ਸਿੰਘ, ਮਨਵੀਰ, ਅੰਮਿ੍ਤ ਸਾਗਰ ਬਾਲੀ, ਕਰਨ ਭੌਰੀਆ ਆਦਿ ਹਾਜ਼ਰ ਸਨ |

Ajit - Punjab Di Awaaz

3 days ago

ਕੋਰੋਨਾ ਿਖ਼ਲਾਫ਼ ਲੜੀ ਜਾ ਰਹੀ ਲੜਾਈ ਨੂੰ ਜਿੱਤਣ ਲਈ ਲੋਕਾਂ ਦਾ ਸਾਥ ਜ਼ਰੂਰੀ-ਦੁਨੀ ਚੰਦ

ਸੰਧਵਾਂ, 25 ਮਾਰਚ (ਪ੍ਰੇਮੀ ਸੰਧਵਾਂ)- ਸੂਬੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਲਗਾਏ ਗਏ ਕਰਫਿਊ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਗਲੀਆਂ ਅਤੇ ਸੜਕਾਂ `ਤੇ ਟੋਲੇ ਬਣਾ ਕੇ ਬੈਠੇ ਲੋਕਾਂ ਨੂੰ ਘਰਾਂ ਨੂੰ ਭਚਾਉਣ ਤੋਂ ਬਾਅਦ ਬਹਿਰਾਮ ਪੁਲਿਸ ਦੇ ਏ. ਐੱਸ. ਆਈ. ਸਵਰਨ ਸਿੰਘ, ਏ. ਐੱਸ. ਆਈ. ਦੁਨੀ ਚੰਦ, ਮਹਿਲਾ ਏ. ਐੱਸ. ਆਈ. ਮੈਡਮ ਪਰਮਜੀਤ ਕੌਰ ਅਤੇ ਮਹਿਲਾ ਹੈੱਡ ਕਾਂਸਟੇਬਲ ਮੈਡਮ ਪਰਮਜੀਤ ਕੌਰ ਨੇ ਪਿੰਡ ਸੰਧਵਾਂ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਖ਼ਤਮ ਕਰਨ ਲਈ ਲੜੀ ਜਾ ਰਹੀ ਲੜਾਈ ਵਿਚ ਹਰ ਕਿਸੇ ਨੂੰ ਇਸ ਔਖੀ ਘੜੀ `ਚ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ | ਉਨ੍ਹਾਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਆਪਣੇ-ਆਪਣੇ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਲੋਕਾਂ ਵਲੋਂ ਕਰਫਿਊ ਦੀ ਉਲੰਘਣਾ ਕੀਤੀ ਜਾਵੇਗੀ | ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਜਾਵੇਗਾ | ਇਸ ਮੌਕੇ ਨਰਿੰਦਰ ਕੁਮਾਰ ਹੀਰਾ, ਕ੍ਰਿਸ਼ਨ ਕੁਮਾਰ ਦਦਰਾ ਆਦਿ ਹਾਜਰ ਸਨ |

Ajit - Punjab Di Awaaz

3 days ago

ਸਿਹਤ ਵਿਭਾਗ ਦੀ ਟੀਮ ਨੇ ਐੱਨ. ਆਰ. ਆਈਜ਼. ਨੂੰ ਘਰ-ਘਰ ਜਾ ਕੇ ਕੀਤਾ ਜਾਗਰੂਕ

ਨਵਾਂਸ਼ਹਿਰ, 25 ਮਾਰਚ (ਹਰਵਿੰਦਰ ਸਿੰਘ)- ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਿਦੇਸ਼ਾਂ ਤੋਂ ਆਏ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਗਿਆ | ਤਰਸੇਮ ਲਾਲ ਨੇ ਦੱਸਿਆ ਕਿ ਜੇਕਰ ਕਿਸੇ ਪ੍ਰਵਾਸੀ ਭਾਰਤੀ ਦਾ ਫ਼ੋਨ ਨੰਬਰ ਮਿਲ ਜਾਵੇ ਤਾਂ ਉਸ ਨੂੰ ਫ਼ੋਨ ਕਰਕੇ ਉਸ ਦੇ ਘਰ ਜਾਂ ਉਸ ਨਾਲ ਸੰਪਰਕ ਹੋ ਜਾਂਦਾ ਹੈ, ਜ਼ਿਆਦਾਤਰ ਏਅਰਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਮ ਅਤੇ ਜ਼ਿਲ੍ਹਾ ਹੀ ਲਿਖਿਆ ਹੁੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦੀ ਟੀਮ ਵਲੋਂ ਕਰੀਬ ਇਕ ਦਰਜਨ ਵਿਦੇਸ਼ੋਂ ਆਏ ਵਿਅਕਤੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ 14 ਦਿਨਾਂ ਲਈ ਘਰਾਂ ਵਿਚ ਇਕੱਲੇ ਰਹਿਣ ਦੀ ਹਦਾਇਤ ਕੀਤੀ | ਅੱਜ ਕੋਠੀ ਰੋਡ, ਚੰਡੀਗੜ੍ਹ ਰੋਡ ਵਿਖੇ ਉਨ੍ਹਾਂ ਵਲੋਂ ਵੱਖ-ਵੱਖ ਮੁਹੱਲਿਆਂ ਵਿਚ ਜਾਂਚ ਕੀਤੀ ਗਈ | ਉਨ੍ਹਾਂ ਵਲੋਂ ਲੋਕਾਂ ਦੇ ਘਰਾਂ ਦੇ ਬਾਹਰ ਕੋਰੋਨਾ ਦੇ ਲੱਛਣਾਂ ਬਾਰੇ ਜਾਗਰੂਕ ਕਰਕੇ ਪੋਸਟਰ ਵੀ ਲਗਾਏ ਗਏ | ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਰਹਿਣ, ਹੱਥਾਂ ਨੂੰ ਵਾਰ-ਵਾਰ ਧੋਣ ਅਤੇ ਦੂਸਰੇ ਵਿਅਕਤੀ ਤੋਂ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ | ਇਸ ਮੌਕੇ ਬਲਵਿੰਦਰ ਕੌਰ, ਸੁਰਜੀਤ, ਏ. ਐੱਸ. ਆਈ. ਗੁਰਬਖਸ਼ ਸਿੰਘ, ਏ. ਐੱਸ. ਆਈ. ਪਰਮਜੀਤ ਸਿੰਘ, ਮਨਪ੍ਰੀਤ, ਦਲਵੀਰ ਸਿੰਘ ਵੀ ਹਾਜ਼ਰ ਸਨ |

Ajit - Punjab Di Awaaz

3 days ago

ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਪਿੰਡ ਵਾਸੀਆਂ ਨੇ ਕੀਤਾ ਛਿੜਕਾਅ

ਸੜੋਆ, 25 ਮਾਰਚ (ਨਾਨੋਵਾਲੀਆ)- ਪਿੰਡ ਸਹੂੰਗੜ੍ਹਾ ਦੇ ਨਿਵਾਸੀਆਂ ਨੇ ਵਿਸ਼ੇਸ਼ ਉਪਰਾਲਾ ਕਰਕੇ ਦੇਸੀ ਜੜ੍ਹੀ ਬੂਟੀਆਂ ਨੂੰ ਇਕੱਤਰ ਕਰਕੇ ਉਸ ਦਾ ਇਕ ਮਿਕਸਚਰ ਤਿਆਰ ਕਰਕੇ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਛਿੜਕਾਅ ਕੀਤਾ | ਇਸ ਕਾਰਜ `ਚ ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਬਣਦਾ ਯੋਗਦਾਨ ਪਾਇਆ | ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬੇਦਾਰ ਹਰਭਜਨ ਸਿੰਘ ਅਤੇ ਦਵਿੰਦਰ ਸਿੰਘ ਐੱਸ. ਐੱਲ. ਏ. ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਡਰ ਕਾਰਨ ਪਿੰਡ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਆਪਣੇ-ਆਪਣੇ ਘਰਾਂ ਵਿਚ ਸਫ਼ਾਈ ਰੱਖਣ ਦਾ ਹਰ ਸੰਭਵ ਉਪਰਾਲਾ ਕਰਨ | ਇਸ ਮੌਕੇ ਪਿੰਡ ਦੇ ਸਰਪੰਚ ਰਾਜ ਬਲਵਿੰਦਰ ਸਿੰਘ, ਜਥੇਦਾਰ ਸਤਨਾਮ ਸਿੰਘ ਸਹੂੰਗੜ੍ਹਾ ਅਤੇ ਹਰਭਜਨ ਸਿੰਘ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਸਹੂੰਗੜ੍ਹਾ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਦੇ ਹੋਏ ਆਪਣੇ ਘਰਾਂ ਤੋਂ ਬਾਹਰ ਨਾ ਜਾਓ | ਉਨ੍ਹਾਂ ਅਪੀਲ ਕੀਤੀ ਕਿ ਸਾਰੇ ਵਿਅਕਤੀ ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਅਤੇ ਦੂਸਰੇ ਵਿਅਕਤੀ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣ | ਨੌਜਵਾਨਾਂ ਦੇ ਇਸ ਉਪਰਾਲੇ ਦਾ ਪਿੰਡ ਵਾਸੀਆਂ ਨੇ ਧੰਨਵਾਦ ਕੀਤਾ |

Ajit - Punjab Di Awaaz

3 days ago

ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਕੱਲ੍ਹ ਮੁਕੰਮਲ ਹੋਵੇਗਾ-ਵਿਨੈ ਬਬਲਾਨੀ

ਬੰਗਾ, 25 ਮਾਰਚ (ਜਸਬੀਰ ਸਿੰਘ ਨੂਰਪੁਰ)- ਪੰਜਾਬ ਸਰਕਾਰ ਵਲੋਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ `ਚ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਅੱਜ ਵੱਡੇ ਪੱਧਰ `ਤੇ ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਲਈ ਮੁਹਿੰਮ ਆਰੰਭੀ ਗਈ | ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਮਹਿਕਮੇ ਵਲੋਂ ਜ਼ਿਲ੍ਹੇ ਦੇ 466 ਪਿੰਡਾਂ ਨੂੰ ਸੈਨੇਟਾਈਜ਼ ਕਰਨ ਲਈ ਵੱਡੀ ਪੱਧਰ `ਤੇ ਉਲੀਕੀ ਗਈ ਯੋਜਨਾ ਮੁਤਾਬਿਕ ਅੱਜ ਬੰਗਾ ਬਲਾਕ `ਚ ਹਾਈਪ੍ਰੋਕਲੋਰਾਈਟ ਦੇ ਛਿੜਕਾਅ ਦੀ ਮੁਹਿੰਮ ਜੰਗੀ ਪੱਧਰ `ਤੇ ਚਲਾਈ ਗਈ ਹੈ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਲਈ ਜ਼ਿਲ੍ਹੇ ਨੂੰ 20 ਹਜ਼ਾਰ ਕਿੱਲੋ ਲੀਟਰ ਸੋਡੀਅਮ ਹਾਈਪ੍ਰੋਕਲੋਰਾਇਟ ਦੀ ਸਪਲਾਈ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਤੱਕ ਸਮੁੱਚੇ ਜ਼ਿਲ੍ਹੇ ਦੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ | ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪਿੰਡਾਂ ਦੇ ਸਰਪੰਚਾਂ ਨੂੰ ਆਪੋ-ਆਪਣੀਆਂ ਪੰਚਾਇਤਾਂ `ਚ ਛਿੜਕਾਅ ਲਈ ਅੱਜ ਹੀ ਸਪਲਾਈ ਦੇ ਦਿੱਤੀ ਗਈ ਅਤੇ ਬੰਗਾ ਦੇ ਪਿੰਡਾਂ ਨੂੰ ਪਰਮ ਅਗੇਤ ਦਿੱਤੇ ਜਾਣ ਦੇ ਹੁਕਮ ਦਿੱਤੇ ਗਏ ਸਨ | ਉਨ੍ਹਾਂ ਕਿਹਾ ਕਿ ਇਸ ਸੰਕਟ ਕਾਲੀਨ ਘੜੀ `ਚ ਹਰ ਇਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਹੱਥ ਜਿੱਥੇ ਵਾਰ-ਵਾਰ ਸਾਬਣ ਨਾਲ ਧੋੋਣ, ਇਕ ਦੂਸਰੇ ਤੋਂ ਇਕ ਮੀਟਰ ਦੀ ਦੂਰੀ `ਤੇ ਰਹਿਣ, ਆਪਣੇ ਘਰਾਂ `ਚ ਰਹਿਣ ਆਦਿ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕਰਨ | ਉਨ੍ਹਾਂ ਦੱਸਿਆ ਕਿ ਸੈਨੇਟਾਈਜ਼ ਦੀ ਇਸ ਮੁਹਿੰਮ ਨੂੰ ਕਲ੍ਹ ਸ਼ਾਮ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਇਆ ਜਾ ਸਕੇ |

Ajit - Punjab Di Awaaz

3 days ago

ਜ਼ਿਲ੍ਹੇ `ਚ 24 ਤੇ 25 ਨੂੰ ਲਏ ਗਏ ਨਮੂਨਿਆਂ `ਚੋਂ 9 ਨੈਗੇਟਿਵ ਆਉਣ ਨਾਲ ਰਾਹਤ ਦੀ ਸਥਿਤੀ ਬਣੀ

ਨਵਾਂਸ਼ਹਿਰ, 25 ਮਾਰਚ (ਗੁਰਬਖਸ਼ ਸਿੰਘ ਮਹੇ)-ਪਠਲਾਵਾ ਦੇ ਗਿਆਨੀ ਬਲਦੇਵ ਸਿੰਘ ਮੌਤ ਬਾਅਦ ਪਠਲਾਵਾ, ਝਿੱਕਾ ਅਤੇ ਸੁੱਜੋਂ `ਚੋਂ ਮਿ੍ਤਕ ਦੇ ਸੰਪਰਕ `ਚ ਆਏ ਵਿਅਕਤੀਆਂ ਦੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਿਛਲੇ ਦਿਨਾਂ `ਚ ਕੀਤੀ ਗਈ ਸੈਂਪਲਿੰਗ `ਚੋਂ ਅੱਜ 9 ਕੇਸਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਕੁਝ ਕੁ ਰਾਹਤ ਦੀ ਸਥਿਤੀ ਬਣੀ ਹੈ | ਸਿਵਲ ਸਰਜਨ ਡਾ. ਰਜਿੰਦਰ ਭਾਟੀਆਂ ਅਨੁਸਾਰ ਬੀਤੇੇ ਕੱਲ੍ਹ ਸ਼ਾਮ ਤੱਕ ਕੁੱਲ ਲਏ ਗਏ ਸੈਂਪਲਾਂ ਦੀ ਗਿਣਤੀ 61 `ਤੇ ਪੁੱਜ ਗਈ ਹੈ ਅਤੇ ਹੁਣ ਤੱਕ ਜ਼ਿਲ੍ਹੇ `ਚ 19 ਕੇਸ ਨੈਗੇਟਿਵ ਆ ਚੁੱਕੇ ਹਨ ਜਦਕਿ 22 ਦੀ ਰਿਪੋਰਟ ਪੈਂਡਿੰਗ ਹੈ | ਉਨ੍ਹਾਂ ਦੱਸਿਆ ਕਿ ਗਿਆਨੀ ਬਲਦੇਵ ਸਿੰਘ ਦੇ ਸੰਪਰਕਾਂ ਦੀ ਸਿਹਤ ਵਿਭਾਗ ਵਲੋਂ ਤਿਆਰ ਕੀਤੀ ਸੂਚੀ ਮੁਤਾਬਿਕ ਅੱਜ ਸਮੂਹਿਕ ਪੱਧਰ `ਤੇ ਸੈਂਪਲਿੰਗ ਆਰੰਭ ਦਿੱਤੀ ਗਈ ਹੈ ਅਤੇ ਸ਼ਾਮ ਤੱਕ 150 ਦੇ ਕਰੀਬ ਸੈਂਪਲ ਲਏ ਜਾਣ ਦੀ ਸੰਭਾਵਨਾ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਨਾਗਰਿਕਾਂ ਦੀ ਸਿਹਤ ਪ੍ਰਤੀ ਵਿਸ਼ੇਸ਼ ਤੌਰ `ਤੇ ਧਿਆਨ ਦਿੰਦਿਆਂ ਗਿਆਨੀ ਬਲਦੇਵ ਨਾਲ ਸੰਪਰਕ ਵਿਚ ਆਏ ਹਰੇਕ ਉਸ ਵਿਅਕਤੀ ਜਿਸ `ਚ ਕੋਰੋਨਾ ਵਾਇਰਸ ਦੇ ਲੱਛਣ ਨਜ਼ਰ ਆਉਂਦੇ ਹਨ, ਦਾ ਸੈਂਪਲ ਲੈਣ ਦਾ ਆਦੇਸ਼ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਅੱਜ ਆਏ ਨੈਗੇਟਿਵ ਮਾਮਲਿਆਂ `ਚ 3 ਸੈਂਪਲ ਬਲਾਚੌਰ `ਚੋਂ ਲਏ ਗਏ ਸਨ ਜਦਕਿ ਬਾਕੀ ਨਵਾਂਸ਼ਹਿਰ ਤੇ ਬੰਗਾ ਨਾਲ ਸਬੰਧਿਤ ਹਨ | ਉਨ੍ਹਾਂ ਦੱਸਿਆ ਕਿ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਕਮਿਸ਼ਨਰ ਰੂਪਨਗਰ ਰਾਹੁਲ ਤਿਵਾੜੀ ਵਲੋਂ ਦਿੱਤੇ ਨਿਰਦੇਸ਼ਾਂ ਮੁਤਾਬਿਕ ਵਿਆਪਕ ਪੱਧਰ `ਤੇ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਸ ਗੱਲ ਦਾ ਪਤਾ ਲਗਾਇਆ ਜਾ ਸਕੇ ਕਿ ਗਿਆਨੀ ਬਲਦੇਵ ਸਿੰਘ ਦੇ ਸੰਪਰਕ `ਚ ਆਏ ਕਿੰਨੇ ਲੋਕ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ | ਦੂਸਰੇ ਪਾਸੇ ਪ੍ਰਸ਼ਾਸਨ ਵਲੋਂ ਜ਼ਿਲ੍ਹੇ `ਚ ਵਿਦੇਸ਼ ਤੋਂ ਆਏ ਵਿਅਕਤੀਆਂ ਦੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪਿੰਡ ਪੱਧਰ `ਤੇ ਸਿਹਤ ਜਾਂਚ ਕਰਨ ਦੀ ਮੁਹਿੰਮ ਜੰਗੀ ਪੱਧਰ `ਤੇ ਚਲਾਈ ਗਈ ਹੈ, ਜਿਸ ਲਈ 25 ਆਰ. ਆਰ. ਟੀ. ਟੀਮਾਂ ਵਲੋਂ ਅੱਜ ਪਿੰਡ-ਪਿੰਡ ਜਾ ਕੇ ਚੈਕਿੰਗ ਕੀਤੀ ਗਈ | ਕਮਿਸ਼ਨਰ ਰੂਪਨਗਰ ਰਾਹੁਲ ਤਿਵਾੜੀ ਵਲੋਂ ਅੱਜ ਫਿਰ ਜ਼ਿਲ੍ਹੇ ਦਾ ਦੌਰਾ ਕਰਕੇ ਐੱਮ. ਐੱਲ. ਏ. ਅੰਗਦ ਸਿੰਘ, ਆਈ. ਜੀ. ਜਸਕਰਨ ਸਿੰਘ, ਡੀ. ਸੀ. ਵਿਨੈ ਬਬਲਾਨੀ, ਐੱਸ. ਐੱਸ. ਪੀ. ਅਲਕਾ ਮੀਨਾ, ਏ. ਡੀ. ਸੀ. ਅਦਿੱਤਿਆ ਉੱਪਲ, ਸਮੂਹ ਐੱਸ. ਡੀ. ਐੱਮਜ਼. ਅਤੇ ਡੀ. ਐੱਸ. ਪੀਜ਼. ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ |

Ajit - Punjab Di Awaaz

3 days ago

ਲੋਕ ਸਰਕਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਘਰਾਂ `ਚ ਹੀ ਰਹਿਣ-ਨਮਿਸ਼ਾ ਮਹਿਤਾ

ਸਮੁੰਦੜਾ, 25 ਮਾਰਚ (ਤੀਰਥ ਸਿੰਘ ਰੱਕੜ)- ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਕੋਪ ਨੰੂ ਦੇਖਦਿਆਂ ਅਤੇ ਇਸ ਨੂੰ ਫੈਲਣ ਤੋਂ ਰੋਕਣ ਲਈ ਹਲਕਾ ਗੜ੍ਹਸ਼ੰਕਰ ਦੇ ਲੋਕ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ ਅਤੇ ਆਪੋ-ਆਪਣੇ ਘਰਾਂ `ਚ ਹੀ ਰਹਿਣ | ਇਹ ਪ੍ਰਗਟਾਵਾ ਨਮਿਸ਼ਾ ਮਹਿਤਾ ਬੁਲਾਰਾ ਕਾਂਗਰਸ ਵਲੋਂ ਸੋਸ਼ਲ ਮੀਡੀਆ `ਤੇ ਪਾਈ ਗਈ ਇਕ ਵੀਡੀਓ ਰਾਹੀਂ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸੈਨੇਟਾਈਜਰ ਦਾ ਸਪਰੇਅ ਕਰਨ ਲਈ ਹਲਕਾ ਗੜ੍ਹਸ਼ੰਕਰ ਦੇ ਸਾਰੇ ਪਿੰਡਾਂ ਗੜ੍ਹਸ਼ੰਕਰ ਅਤੇ ਮਾਹਿਲਪੁਰ, ਸ਼ਹਿਰਾਂ ਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ | ਉਨ੍ਹਾਂ ਇਹ ਵੀ ਕਿਹਾ ਕਿ ਹਰ ਕਿਸੇ ਨੂੰ ਆਪਣੇ ਆਪ ਦੀ ਸਫ਼ਾਈ ਰੱਖਣ, ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਣ ਅਤੇ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ ਨਾਲ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ |

Ajit - Punjab Di Awaaz

3 days ago

    Disclaimer     Terms Privacy Advertising Sitemap # Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos Listen - Download Punjabi Songs, Punjabi Videos