ਸਮੁੰਦੜਾ, 11 ਅਕਤੂਬਰ (ਤੀਰਥ ਸਿੰਘ ਰੱਕੜ)-ਭਾਵੇਂ ਕਿ ਸਰਕਾਰ ਵਲੋਂ ਝੋਨੇ ਦੀ ਫ਼ਸਲ ਮੰਡੀਆਂ `ਚ ਆਉਣ ਤੋਂ ਪਹਿਲਾਂ ਇਸ ਦੀ ਖ਼ਰੀਦ ਸਬੰਧੀ ਪੁਖ਼ਤਾ ਪ੍ਰਬੰਧ ਕਰ ਲਏ ਜਾਣ ਅਤੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਪਰੇਸ਼ਾਨੀ ਨਾ ਆਉਣ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਪਰ ਹਕੀਕਤ `ਚ ਝੋਨੇ ਦੀ ਖ਼ਰੀਦ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਉਕਤ ਦਾਅਵੇ ਖੋਖਲੇ ਸਾਬਤ ਹੁੰਦੇ ਨਜ਼ਰ ਆਉਣ ਲੱਗੇ ਹਨ | ਦਾਣਾ ਮੰਡੀ ਸਮੁੰਦੜਾ `ਚ ਬੀਤੀ 7 ਅਕਤੂਬਰ ਨੂੰ ਸਰਕਾਰੀ ਤੌਰ ਤੇ ਝੋਨੇ ਦੀ ਖ਼ਰੀਦ ਸ਼ੁਰੂ ਹੋਈ ਜਦਕਿ ਸਰਕਾਰ ਵਲੋਂ 1 ਅਕਤੂਬਰ ਤੋਂ ਰਸਮੀ ਤੌਰ ਤੇ ਖ਼ਰੀਦ ਸ਼ੁਰੂ ਕਰ ਦਿੱਤੀ ਸੀ ਪਰ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਵਲੋਂ ਝੋਨੇ ਤੋਂ ਬਾਅਦ ਮਟਰਾਂ ਦੀ ਬਿਜਾਈ ਕਰਨ ਕਰਕੇ ਝੋਨੇ ਦੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ ਵੀ ਲਾਈਆਂ ਹੋਈਆਂ ਸਨ | ਮੰਡੀ `ਚ ਹੁਣ ਤੱਕ ਐਫ.ਸੀ.ਆਈ. ਖ਼ਰੀਦ ਏਜੰਸੀ ਵਲੋਂ 7805.25 ਕੁਇੰਟਲ ਝੋਨਾ ਖ਼ਰੀਦਿਆ ਪਿਆ ਹੈ ਪਰ ਹਾਲੇ ਤਾਈ ਇਕ ਵੀ ਬੋਰੀ ਦੀ ਚੁਕਾਈ ਨਹੀਂ ਹੋ ਸਕੀ ਹੈ | ਮੰਡੀ ਵਿਚ ਬੋਰੀਆਂ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ ਜਿਸ ਕਰਕੇ ਝੋਨਾ ਲੈ ਕੇ ਆ ਰਹੇ ਕਿਸਾਨਾਂ ਨੂੰ ਝੋਨਾ ਢੇਰੀ ਕਰਨ ਲਈ ਥਾਂ ਨਹੀਂ ਮਿਲ ਰਹੀ ਅਤੇ ਕਿਸਾਨ ਦੋ ਦੋ ਦਿਨ ਮੰਡੀਆਂ `ਚ ਬੈਠਣ ਲਈ ਮਜਬੂਰ ਹਨ ਅਤੇ ਆੜ੍ਹਤੀਆਂ ਨੂੰ ਵੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਵਲੋਂ 17 ਪ੍ਰਤੀਸ਼ਤ ਨਮੀ ਵਾਲੇ ਝੋਨੇ ਦੀ ਖ਼ਰੀਦ ਕਰਨ ਦੀ ਰੱਖੀ ਸ਼ਰਤ ਕਾਰਨ ਵੀ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਥੋੜੇ ਦਿਨ ਪਹਿਲਾਂ ਹੀ ਲਗਾਤਾਰ ਪਏ ਮੀਂਹ ਕਾਰਨ ਪੱਕੇ ਹੋਏ ਝੋਨੇ `ਚ ਨਮੀ ਦੀ ਮਾਤਰਾ 20-22 ਪ੍ਰਤੀਸ਼ਤ ਦੇ ਕਰੀਬ ਆ ਰਹੀ ਹੈ | ਜਿਸ ਨੂੰ ਖ਼ਰੀਦਣ ਲਈ ਆੜ੍ਹਤੀ ਹਾਮੀ ਨਹੀਂ ਭਰ ਰਹੇ | ਇਸ ਸਬੰਧੀ ਮਾਰਕੀਟ ਕਮੇਟੀ ਗੜ੍ਹਸ਼ੰਕਰ ਤੋਂ ਸਮੁੰਦੜਾ ਮੰਡੀ ਇੰਚਾਰਜ ਕਸ਼ਮੀਰ ਕੌਰ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਖ਼ਰੀਦੇ ਹੋਏ ਝੋਨੇ ਸਬੰਧੀ ਲਿਖਤੀ ਤੌਰ ਤੇ ਐਫ.ਸੀ.ਆਈ. ਦੇ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ | ਜਿਸ ਕਰਕੇ ਚੁਕਾਈ ਦੀ ਸਮੱਸਿਆ ਛੇਤੀ ਹੀ ਹੱਲ ਹੋ ਜਾਵੇਗੀ |..
http://beta.ajitjalandhar.com/news/20191012/11/2824641.cms#2824641