ਬੁੱਧਵਾਰ ਨੂੰ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਸਰਾ ਅੰਤਰਰਾਸ਼ਟਰੀ ਟੀ-20 ਮੁਕਾਬਲਾ ਮੋਹਾਲੀ ਦੇ ਪੰਜਾਬ ਕ੍ਰਿਕਟ ਅਸੋਸੀਏਸ਼ਨ ਆਈ.ਐੱਸ. ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਇਸ ਮੁਕਾਬਲੇ ਵਿੱਚ ਜਦੋਂ ਸ਼ਿਖਰ ਧਵਨ ਦੱਖਣੀ ਅਫਰੀਕਾ ਖਿਲਾਫ਼ ਬੱਲੇਬਾਜ਼ੀ ਕਰਨ ਲਈ ਉਤਰਣਗੇ ਤਾਂ ਉਨ੍ਹਾਂ ਦੀ ਨਜ਼ਰਾਂ ਇੱਕ ਖਾਸ ਰਿਕਾਰਡ ‘ਤੇ ਹੋਵੇਗੀ ।ਦਰਅਸਲ, ਧਵਨ ਆਪਣੇ ਟੀ-20 ਕਰੀਅਰ ਵਿੱਚ 7000 ਦੌੜਾਂ ਪੂਰੀਆਂ ਕਰਨ ਤੋਂ 44 ਦੌੜਾਂ ਦੂਰ ਹਨ । ਅੱਜ ਦੇ ਮੁਕਾਬਲੇ ਵਿੱਚ ਜਿਵੇਂ ਹੀ ਧਵਨ ਇਹ ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੀ-20 ਵਿੱਚ 7000 ਦੌੜਾਂ ਬਣਾਉਣ ਵਾਲੇ ਚੌਥੇ ਭਾਰਤੀ ਖਿਡਾਰੀ ਬਣ ਜਾਣਗੇ । ਫਿਲਹਾਲ 246 ਮੈਚਾਂ ਵਿੱਚ ਧਵਨ ਦੇ ਨਾਮ ਕੁਲ 6956 ਦੌੜਾਂ ਦਰਜ ਹਨ । ਜਿਸ ਵਿੱਚ ਉਨ੍ਹਾਂ ਦਾ ਔਸਤ 31.90 ਦਾ ਰਿਹਾ ਹੈ । ਧਵਨ ਨੇ ਆਪਣੇ ਟੀ-20 ਕਰੀਅਰ ਵਿੱਚ ਕੁੱਲ 53 ਅਰਧ ਸੈਕੜੇ ਲਗਾਏ ਹਨ । ਜ਼ਿਕਰਯੋਗ ਹੈ ਕਿ ਧਵਨ ਨੇ ਮੋਹਾਲੀ ਸਟੇਡੀਅਮ ਤੋਂ ਹੀ ਆਪਣੇ ਟੈਸਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿੱਥੇ ਉਨ੍ਹਾਂ ਨੇ ਡੈਬਿਊ ਪਾਰੀ ਵਿੱਚ 187 ਦੌੜਾਂ ਬਣਾਈਆਂ ਸਨ । ਮਾਰਚ 2013 ਵਿੱਚ ਇਹ ਮੁਕਾਬਲਾ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਸੀ ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੀ-20 ਵਿੱਚ 7000 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਭਾਰਤੀ ਲਿਸਟ ਵਿੱਚ ਕਪਤਾਨ ਵਿਰਾਟ ਕੋਹਲੀ, ਸੁਰੇਸ਼ ਰੈਨਾ ਅਤੇ ਰੋਹਿਤ ਸ਼ਰਮਾ ਸ਼ਾਮਿਲ ਹਨ । ਜਿਨ੍ਹਾਂ ਵਿਚੋਂ ਵਿਰਾਟ ਸਭ ਤੋਂ ਜ਼ਿਆਦਾ ਟੀ-20 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਹਨ । ਵਿਰਾਟ ਨੇ 269 ਮੈਚਾਂ ਵਿੱਚ 8475 ਦੌੜਾਂ ਬਣਾਈਆਂ ਹਨ, ਜਦੋਂ ਕਿ ਸੁਰੇਸ਼ ਰੈਨਾ ਨੇ 8392 ਦੌੜਾਂ ਤੇ ਰੋਹਿਤ ਸ਼ਰਮਾ ਨੇ 8291 ਦੌੜਾਂ ਬਣਾਈਆਂ ਹਨ ।ਜੇਕਰ ਇੱਥੇ ਟੀ-20 ਮੈਚਾਂ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਗੱਲ ਕੀਤੀ ਜਾਵੇ ਤਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਦੇ ਨਾਂ ਹੈ । ਗੇਲ ਨੇ 389 ਮੈਚਾਂ ਵਿੱਚ 39.07 ਦੀ ਔਸਤ ਨਾਲ 13013 ਦੌੜਾਂ ਬਣਾਈਆਂ ਹਨ । ਜਿਸ ਵਿੱਚ ਉਨ੍ਹਾਂ ਦੇ 22 ਸੈਂਕੜੇ ਅਤੇ 80 ਅਰਧ ਸੈਂਕੜੇ ਸ਼ਾਮਿਲ ਹਨ ।..
https://www.punjabi.dailypost.in/news/sports/shikhar-dhawan-opts-out/