ਨਵਾਂਸ਼ਹਿਰ, 12 ਦਸੰਬਰ (ਹਰਵਿੰਦਰ ਸਿੰਘ)- ਪਾਵਰਕਾਮ ਵਲੋਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਜਲਦੀ ਨਿਬੇੜੇ ਲਈ ਰੱਖੇ ਸੀ. ਐੱਚ. ਬੀ. ਮੁਲਾਜ਼ਮਾਂ ਦਾ ਆਖ਼ਰ ਬੀਤੇ 3 ਮਹੀਨੇ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਸਬਰ ਦਾ ਬੰਨ੍ਹ ਟੁੱਟ ਗਿਆ | ਅੱਜ ਸਬ ਡਵੀਜ਼ਨ ਨਵਾਂਸ਼ਹਿਰ ਅਧੀਨ ਪੈਂਦੇ ਨਵਾਂਸ਼ਹਿਰ ਸ਼ਹਿਰੀ, ਨਵਾਂਸ਼ਹਿਰ ਦਿਹਾਤੀ, ਰਾਹੋਂ, ਜਾਡਲਾ, ਔੜ ਦੇ ਸਮੂਹ ਮੁਲਾਜ਼ਮਾਂ ਵਲੋਂ ਉਨ੍ਹਾਂ ਨੂੰ ਬੀਤੇ 3 ਮਹੀਨੇ ਦਾ ਮਿਹਤਨਾਮਾ ਨਾਂ ਮਿਲਣ `ਤੇ ਉਨ੍ਹਾਂ ਵਲੋਂ ਲੇਬਰ ਇੰਸਪੈਕਟਰ ਸ਼ਹੀਦ ਭਗਤ ਸਿੰਘ ਨਗਰ ਅਤੇ ਵਧੀਕ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੂੰ ਦਰਖਾਸਤ ਦੀਆਂ ਕਾਪੀਆਂ ਸੌਾਪੀਆਂ ਗਈਆਂ | ਦਰਖਾਸਤ ਸਬੰਧੀ ਜਾਣਕਾਰੀ ਦਿੰਦਿਆਂ ਅਮਨਪ੍ਰੀਤ, ਵਿਜੈ ਕੁਮਾਰ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ, ਹਰਪ੍ਰੀਤ ਸਿੰਘ, ਸਤੀਸ਼, ਲਖਵੀਰ, ਹਰਵਿੰਦਰ ਸਿੰਘ, ਅਮਿਤ ਕੁਮਾਰ, ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਾਵਰਕਾਮ ਵਲੋਂ ਮਨਜੂਰ ਇਕ ਠੇਕੇਦਾਰ ਕੋਲੋਂ 8300 ਰੁਪਏ ਮਹੀਨਾ `ਤੇ ਸ਼ਿਕਾਇਤ ਕੇਂਦਰਾਂ ਵਿਚ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੀਤੇ ਤਿੰਨ ਮਹੀਨੇ ਦੀਆਂ ਤਨਖ਼ਾਹਾਂ ਨਹੀਂ ਮਿਲ ਰਹੀਆਂ, ਜਿਸ ਸਬੰਧੀ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਕਈ ਵਾਰ ਲਿਆ ਚੁੱਕੇ ਹਨ ਪਰ ਉਨ੍ਹਾਂ ਨੂੰ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਜਦੋਂ ਉਹ ਠੇਕੇਦਾਰ ਦੇ ਸੁਪਰਵਾਈਜ਼ਰ ਨਾਲ ਕੋਈ ਗੱਲ ਕਰਦੇ ਹਨ ਤਾਂ ਵੀ ਉਨ੍ਹਾਂ ਨੂੰ ਕੋਈ ਜੁਆਬ ਨਹੀਂ ਮਿਲਦਾ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਕੰਮ ਕਰੋ, ਤਨਖ਼ਾਹ ਤਾਂ ਮਿਲ ਕੇ ਰਹੂ | ਉਨ੍ਹਾਂ ਕਿਹਾ ਕਿ ਉਹ ਸਾਰੇ ਮੁਲਾਜ਼ਮ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਅਤੇ ਆਪਣੇ ਪਰਿਵਾਰਾਂ ਦਾ ਪੋਸ਼ਣ ਵੀ ਉਨ੍ਹਾਂ ਦੇ ਸਿਰ `ਤੇ ਹੈ | ਉਨ੍ਹਾਂ ਕਿਹਾ ਕਿ ਮਹਿੰਗਾਈ ਦੀ ਮਾਰ ਹੇਠ ਇਕ ਤਾਂ ਮਜ਼ਦੂਰ ਓਦਾਂ ਹੀ ਕੁਚਲਿਆ ਪਿਆ ਹੈ, ਦੂਸਰਾ ਸੀ. ਐੱਚ. ਸੀ. ਮੁਲਾਜ਼ਮਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਵੀ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਪਾਵਰਕਾਮ ਵਿਚ ਹਰ ਸਮੇਂ ਮੌਤ ਦੇ ਸਾਏ ਹੇਠ ਰਹਿ ਕੇ ਕੰਮ ਕਰਨਾ ਪੈਂਦਾ ਹੈ | ਫਿਰ ਵੀ ਸਬੰਧਿਤ ਠੇਕੇਦਾਰ ਵਲੋਂ ਵੀ ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ | ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕ ਲਈ ਉੱਚ ਅਧਿਕਾਰੀਆਂ ਦੇ ਗੇੜੇ ਮਾਰ ਮਾਰ ਕੇ ਅੱਕ ਚੁੱਕੇ ਹਨ ਅਤੇ ਉਨ੍ਹਾਂ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਜਲਦੀ ਉਨ੍ਹਾਂ ਦੀਆਂ ਤਨਖ਼ਾਹਾਂ ਨਾ ਜਾਰੀ ਕੀਤੀਆਂ ਗਈਆਂ ਤਾਂ ਉਹ ਤਿੱਖਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ | ਇਸ ਮੌਕੇ ਸਬ ਡਵੀਜ਼ਨ ਨਵਾਂਸ਼ਹਿਰ ਤੋਂ ਸੀ. ਐੱਚ. ਬੀ. ਮੁਲਾਜ਼ਮ ਹਾਜ਼ਰ ਸਨ |..
http://beta.ajitjalandhar.com/news/20191213/11/2896252.cms#2896252