ਲੁਧਿਆਣਾ, 27 ਨਵੰਬਰ (ਪੁਨੀਤ ਬਾਵਾ, ਭੁਪਿੰਦਰ ਸਿੰਘ ਬਸਰਾ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਇਕ ਮੀਟਿੰਗ ਸਹਾਇਕ ਕਮਿਸ਼ਨਰ ਵਿਰਾਜ ਸ਼ਿਆਮਕਰਨ ਤਿੜਕੇ ਦੀ ਹਾਜ਼ਰੀ ਵਿਚ ਹੋਈ | ਜਿਸ ਵਿਚ ਨਾਬਾਰਡ ਵਲੋਂ ਤਿਆਰ ਕੀਤੀ ਵਿੱਤੀ ਸਾਲ 2020-21 ਦੀ ਕਰਜ਼ਾ ਯੋਜਨਾ ਤਹਿਤ 4878306 ਰੁਪਏ ਦੇ ਕਰਜ਼ੇ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਸ੍ਰੀ ਤਿੜਕੇ ਨੇ ਦੱਸਿਆ ਕਿ ਜਾਰੀ ਯੋਜਨਾ ਵਿਚ ਇਸ ਸਾਲ ਲਈ ਵਿਸ਼ਾ `ਉੱਚ ਤਕਨੀਕੀ ਖੇਤੀ` ਰੱਖਿਆ ਹੈ | ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਕਰਜ਼ਾ ਯੋਜਨਾ ਆਪਣਾ ਟੀਚਾ ਪ੍ਰਾਪਤ ਕਰਨ ਦੇ ਨਾਲ-ਨਾਲ ਜ਼ਿਲ੍ਹਾ ਲੁਧਿਆਣਾ ਦੇ ਕਿਸਾਨਾਂ, ਗੈਰ ਕਾਸ਼ਤਕਾਰਾਂ ਅਤੇ ਹੋਰ ਸਾਰੀਆਂ ਧਿਰਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਸਹਾਈ ਸਿੱਧ ਹੋਵੇਗੀ | ਨਾਬਾਰਡ ਦੇ ਡੀ. ਡੀ. ਐਮ. ਪ੍ਰਵੀਨ ਭਾਟੀਆ ਨੇ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਯੋਜਨਾ ਵਿੱਚ ਭਾਰਤੀ ਰਿਜ਼ਰਵ ਬੈਂਕ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹਰੇਕ ਖੇਤਰ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਮੌਕੇ ਜ਼ਿਲ੍ਹਾ ਲੀਡ ਮੈਨੇਜਰ ਅਨਿਲ ਕੁਮਾਰ, ਰਿਜ਼ਰਵ ਬੈਂਕ ਆਫ਼ ਇੰਡੀਆ ਤੋਂ ਕਲਪਨਾ ਸੀ. ਐੱਸ., ਡਾਇਰੈਕਟਰ ਆਰਸੇਟੀ ਐੱਸ.ਕੇ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ |
..
http://beta.ajitjalandhar.com/news/20191128/15/2878898.cms#2878898