ਚੰਡੀਗੜ੍ਹ, 24 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ‘ਚ ਤਿੰਨ ਹਲਕਿਆਂ ਤੋਂ ਕਾਂਗਰਸ ਦੀ ਜਿੱਤ ਹੋਈ ਹੈ ਜਦ ਕਿ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਦੀ ਜਿੱਤ ਹੋਈ ਹੈ। ਇੰਝ ਪੰਜਾਬ ਦੇ ਵੋਟਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਨੀਤੀਆਂ ਉੱਤੇ ਮੋਹਰ ਲਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਅਯਾਲੀ ਨੇ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਇੱਜ਼ਤ ਰੱਖ ਲਈ ਹੈ। ਪੰਜਾਬ ਦੇ ਦਾਖਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਅਯਾਲੀ 14672 ਵੋਟਾਂ ਨਾਲ ਜੇਤੂ ਕਰਾਰ ਦੇ ਦਿੱਤੇ ਗਏ ਹਨ। ਵੋਟਾਂ ਦੀ 16ਵੇਂ ਗੇੜ ਦੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਅਯਾਲੀ ਨੂੰ 66286 ਵੋਟਾਂ ਮਿਲ ਚੁੱਕੀਆਂ ਸਨ; ਜਦ ਕਿ ਕਾਂਗਰਸ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਨੂੰ 51610 ਵੋਟਾਂ ਮਿਲ ਚੁੱਕੀਆਂ ਸਨ। ਲੋਕ ਇਨਸਾਫ਼ ਪਾਰਟੀ ਦਾ ਉਮੀਦਵਾਰ 8437 ਵੋਟਾਂ ਲੈ ਕੇ ਤੀਜੇ ਨੰਬਰ ਉੱਤੇ ਸੀ; ਜਦ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2792 ਵੋਟਾਂ ਮਿਲ ਚੁੱਕੀਆਂ ਸਨ। ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਵਿੱਚੋਂ ਦਾਖਾ ਹਲਕੇ ਦਾ ਨਤੀਜਾ ਹੀ ਸਭ ਤੋਂ ਪਿੱਛੋਂ ਐਲਾਨਿਆ ਗਿਆ ਹੈ। ਮੁਕੇਰੀਆਂ ‘ਚ ਕਾਂਗਰਸ ਦੇ ਇੰਦੂ ਬਾਲਾ ਨੇ 3440 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰ ਲਈ ਹੈ। ਫ਼ਗਵਾੜਾ ਸੀਟ ਉੱਤੇ ਵੀ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ ਆਈ. ਏ.ਐਸ. ਦੀ ਜਿੱਤ ਹੋਈ ਹੈ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਭਾਜਪਾ ਦੇ ਰਾਜੇਸ਼ ਬਾਘਾ ਨੂੰ 26116 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਉੱਧਰ ਜਲਾਲਾਬਾਦ ‘ਚ ਕਾਂਗਰਸ ਦੇ ਰਾਮਿੰਦਰ ਸਿੰਘ ਆਵਲਾ ਨੇ 16633 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਦਾਖਾ ‘ਚ ਐਤਕੀਂ 71.6 ਫ਼ੀ ਸਦੀ ਪੋਲਿੰਗ ਹੋਈ ਸੀ; ਜਦ ਕਿ ਸਾਲ 2017 ‘ਚ ਭਾਵ ਪਿਛਲੀ ਵਿਧਾਨ ਸਭਾ ਚੋਣ ਵੇਲੇ ਇਸ ਹਲਕੇ ‘ਚ 81 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ। ਇੰਝ ਹੀ ਜਲਾਲਾਬਾਦ ‘ਚ ਐਤਕੀਂ 78.8 ਫ਼ੀ ਸਦੀ ਵੋਟਾਂ ਪਈਆਂ, ਜਦ ਕਿ ਪਿਛਲੀ ਵਾਰ ਸਾਲ 2017 ‘ਚ ਇਹ ਫ਼ੀ ਸਦ 86.9 ਰਹੀ ਸੀ। ਮੁਕੇਰੀਆਂ ‘ਚ ਇਸ ਵਾਰ ਦੀ ਜ਼ਿਮਨੀ ਚੋਣ ਵੇਲੇ 59.9 ਫ਼ੀ ਸਦੀ ਵੋਟਾਂ ਪਈਆਂ ਹਨ; ਜਦ ਕਿ 2017 ‘ਚ ਇਹ ਫ਼ੀ ਸਦ 72.5 ਰਹੀ ਸੀ। ਫ਼ਗਵਾੜਾ ‘ਚ ਐਤਕੀਂ 55.9 ਫ਼ੀ ਸਦੀ ਵੋਟਰਾਂ ਨੇ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ; ਜਦ ਕਿ ਪਿਛਲੀ ਵਾਰ 2017 ‘ਚ 72 ਫ਼ੀ ਸਦੀ ਵੋਟਾਂ ਪਈਆਂ ਸਨ। ਇੰਝ ਇਸ ਵਾਰ ਸਾਰੇ ਹੀ ਚਾਰ ਹਲਕਿਆਂ ਵਿੱਚ ਪਿਛਲੀ ਵਾਰ ਦੇ ਮੁਕਾਬਲੇ ਘੱਟ ਵੋਟਾਂ ਪੋਲ ਹੋਈਆਂ।..
http://www.dailypunjabtimes.com/%e0%a8%a6%e0%a8%be%e0%a8%96%e0%a8%be-%e0%a8%a4%e0%a9%8b%e0%a8%82-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%ae%e0%a9%81%e0%a8%95%e0%a9%87%e0%a8%b0%e0%a9%80%e0%a8%86/