ਨਵੀਂ ਦਿੱਲੀ: ਪੀਐਨਬੀ ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਨੇ ਬੁੱਧਵਾਰ ਨੂੰ ਵੈਸਟਮਿੰਸਟਰ ਕੋਰਟ ‘ਚ ਕਿਹਾ ਕਿ ਜੇਕਰ ਉਸ ਨੂੰ ਭਾਰਤ ਦੇ ਹਵਾਲੇ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਮੀਡੀਆ ਰਿਪੋਰਟਸ ਮੁਤਾਬਕ ਨੀਰਵ ਨੇ ਜੇਲ੍ਹ ‘ਚ ਤਿੰਨ ਵਾਰ ਹਮਲੇ ਦੀ ਗੱਲ ਕਹੀ ਹੈ। ਭਾਰਤ ਸਰਕਾਰ ਦੀ ਪੈਰਵੀ ਕਰ ਰਹੀ ਕ੍ਰਾਉਨ ਪ੍ਰੋਸੀਕਿਊਸ਼ਨ ਸਰਵਿਸਜ਼ ਦੇ ਵਕੀਲ ਜੇਮਸ ਲੇਵਿਸ ਨੇ ਕਿਹਾ ਕਿ ਨੀਰਵ ਦੇ ਬਿਆਨ ਤੋਂ ਉਸ ਦੇ ਫਰਾਰ ਹੋਣ ਦੀ ਮਨਸ਼ਾ ਸਾਫ਼ ਜ਼ਾਹਿਰ ਹੋ ਰਹੀ ਹੈ।
ਦੱਸ ਦਈਏ ਕਿ 9100 ਕਰੋੜ ਦੇ ਘੁਟਾਲੇ ਦੇ ਮੁਲਜ਼ਮ ਨੀਰਵ ਦੀ ਜ਼ਮਾਨਤ ਅਰਜ਼ੀ ਨੂੰ ਬੁੱਧਵਾਰ ਨੂੰ ਪੰਜਵੀਂ ਵਾਰ ਖਾਰਜ ਕੀਤਾ ਗਿਆ। ਜੱਜ ਐਂਬਾ ਅਬਰਥਨੌਟ ਨੇ ਕਿਹਾ ਕਿ ਇਹ ਨਹੀਂ ਮੰਨਿਆ ਜਾ ਸਕਦਾ ਕਿ ਨੀਰਵ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ ਤੇ ਅਗਲੇ ਸਾਲ ਮਈ ‘ਚ ਹੋਣ ਵਾਲੇ ਟ੍ਰਾਈਲ ਸਮੇਂ ਪੇਸ਼ ਹੋਵੇਗਾ।
ਨੀਰਵ ਨੇ ਵੈਸਟਮਿੰਸਟਰ ਮੈਜਿਸਟ੍ਰੈਟ ਕੋਰਟ ‘ਚ 30 ਅਕਤੂਬਰ ਨੂੰ ਚੌਥੀ ਵਾਰ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ। ਉਸ ਨੇ ਬੈਚੇਨੀ ਤੇ ਡਿਪ੍ਰੈਸ਼ਨ ‘ਚ ਹੋਣ ਦਾ ਹਵਾਲਾ ਦਿੱਤਾ ਸੀ। ਨੀਰਵ ਦੀ ਜ਼ਮਾਨਤ ਅਰਜ਼ੀ ਯੂਕੇ ਹਾਈਕੋਰਟ ਤੋਂ ਵੀ ਰੱਦ ਹੋ ਚੁੱਕੀ ਹੈ। ਉਹ ਸੱਤ ਮਹੀਨੇ ਤੋਂ ਲੰਦਨ ਦੀ ਵਾਂਡਸਵਰਥ ਜੇਲ੍ਹ ‘ਚ ਹੈ। ਪੁਲਿਸ ਨੇ ਉਸ ਨੂੰ 19 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸ ਦਈਏ ਕਿ ਨੀਰਵ ਦੀ ਅਗਲੀ ਪੇਸ਼ੀ 4 ਦਸੰਬਰ ਨੂੰ ਵੀਡੀਓ ਲਿੰਕ ਰਾਹੀਂ ਹੋਵੇਗੀ।..
https://punjabi.abplive.com/news/india/will-commit-suicide-if-extradited-to-india-says-nirav-modi-after-uk-court-rejects-bail-plea-508874