ਧਾਰੀਵਾਲ, 9 ਫਰਵਰੀ (ਜੇਮਸ ਨਾਹਰ, ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਦੇ ਹੱਥ ਅੱਜ ਉਸ ਵੇਲੇ ਵੱਡੀ ਸਫ਼ਲਤਾ ਲੱਗੀ, ਜਿਸ ਵੇਲੇ ਜਿਸ ਵੇਲੇ ਐਸ. ਐਚ. ਓ. ਧਾਰੀਵਾਲ ਮਨਜੀਤ ਸਿੰਘ ਨੇ ਇਕ ਵਿਸ਼ੇਸ਼ ਸਰਚ ਅਭਿਆਨ ਚਲਾ ਕਿ ਪੁਲਿਸ ਨੂੰ ਵੱਖ-ਵੱਖ ਟੁਕੜੀਆਂ ਵਿਚ ਵੰਡ ਕੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਗਰੋਹ ਤੇ 3 ਨਸ਼ਾ ਤਸਕਰਾਂ ਨੂੰ ਵੱਡੀ ਮਾਤਰਾ ਵਿਚ ਦੇਸੀ ਸ਼ਰਾਬ ਅਤੇ ਇਕ ਮੋਟਰਸਾਈਕਲ ਅਤੇ ਹੋਰ ਕਾਰਵਾਈ ਵਿਚ 24 ਬੋਤਲਾਂ ਠੇਕਾ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਇਸ ਦੌਰਾਨ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਚਲਾਏ ਗਏ ਇਸ ਵਿਸ਼ੇਸ਼ ਸਰਚ ਅਭਿਆਨ ਵਿਚ ਪੁਲਿਸ ਨੇ ਲੇਹਲ ਬਾਈਪਾਸ ਪੁਲ ਕੋਲ ਲਗਾਏ ਇਕ ਪੁਲਿਸ ਨਾਕੇ ਵਿਚ ਮੁਲਜਮ ਮੁਖਤਿਆਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮੌਜਪੁਰ ਥਾਣਾ ਭੈਣੀ ਮੀਆਂ ਖਾਂ ਜੋ ਡਿਸਕਵਰ ਮੋਟਰਸਾਈਕਲ ਪੀ.ਬੀ.06.-ਟੀ.9239 `ਤੇ ਨਾਜਾਇਜ਼ ਸ਼ਰਾਬ ਸਪਲਾਈ ਕਰਨ ਜਾ ਰਿਹਾ ਸੀ, ਜਿਸ ਕੋਲੋਂ 100 ਬੋਤਲ ਨਾਜਾਇਜ਼ ਸ਼ਰਾਬ ਬਰਾਮਦ ਪਾਈ ਗਈ, ਜਿਸ ਨੂੰ ਗਿ੍ਫ਼ਤਾਰ ਕਰ ਕੇ ਪਰਚਾ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਏ.ਐਸ.ਆਈ. ਗੁਰਮੇਜ਼ ਸਿੰਘ ਵਲੋਂ ਰਾਜੂ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਲੇਹਲ ਜੋ ਥਾਣੇ ਦਾ ਪਹਿਲਾਂ ਵੀ ਕਈ ਕੇਸਾਂ ਵਿਚ ਬੀ.ਸੀ. (ਬੈਡ ਕਰੈਕਟਰ-ਏ ਕੈਟਾਗਿਰੀ) ਵੀ ਹੈ, ਦੇ ਘਰ ਰੇਡ ਕਰ ਕੇ ਉਕਤ ਨੂੰ 100 ਬੋਤਲ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰ ਕੇ ਪਰਚਾ ਦਿੱਤਾ ਹੈ | ਜਦ ਕਿ ਏ.ਐਸ.ਆਈ. ਪ੍ਰਕਾਸ਼ ਸਿੰਘ ਨੇ ਹਰੂਨ ਪੁੱਤਰ ਨਿਆਮਤ ਵਾਸੀ ਸ਼ਾਹਪੁਰ ਰਜ਼ਾਦਾ ਦੇ ਘਰ ਛਾਪੇਮਾਰੀ ਕਰਕੇ 50 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਬਰਾਮਦ ਕਰ ਕੇ ਉਕਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਪਰਚਾ ਦੇ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਭੈਣੀ ਮੀਆਂ ਖਾਂ ਦਾ ਫ਼ੜਿਆ ਦੋਸ਼ੀ ਮੁਖਤਿਆਰ ਸਿੰਘ, ਜੋ ਨਾਜਾਇਜ਼ ਸ਼ਰਾਬ ਬਣਾਉਣ ਤੇ ਵੇਚਣ ਦਾ ਧੰਦਾ ਕਰਦਾ ਹੈ, ਇਸ ਕੋਲੋਂ ਬੜੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ | ਜਲਦ ਹੀ ਇਸ ਕੋਲੋਂ ਸ਼ਰਾਬ ਵੇਚਣ ਦੇ ਟਿਕਾਣਿਆਂ ਦਾ ਪਤਾ ਲਗਾ ਕੇ ਸ਼ਰਾਬ ਵੇਚਣ ਦੇ ਅੱਡਿਆਂ ਦਾ ਪਰਦਾਫ਼ਾਸ ਕੀਤਾ ਜਾਵੇਗਾ | ਇਕ ਹੋਰ ਕਾਰਵਾਈ ਵਿਚ ਹੈੱਡ ਕਾਂਸਟੇਬਲ ਰਜਿੰਦਰ ਸਿੰਘ ਨੇ ਅਮਰਜੀਤ ਉਰਫ਼ ਜੱਗਾ ਪੁੱਤਰ ਅਜੀਤ ਸਿੰਘ ਵਾਸੀ ਵੂਲਨ ਮਿੱਲ ਧਾਰੀਵਾਲ ਦੀ ਰਿਹਾਇਸ਼ `ਤੇ ਛਾਪਾ ਮਾਰ ਕੇ ਉਕਤ ਦੇ ਘਰੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਕਲੱਬ ਕਿੰਗ ਬਰਾਮਦ ਕੀਤੀਆਂ ਹਨ | ਦੋਸ਼ੀ ਮੌਕੇ ਤੋਂ ਗਿ੍ਫ਼ਤਾਰ ਹੈ, ਜਿਸ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ |..
http://beta.ajitjalandhar.com/edition/20200210/12.cms