ਲੁਧਿਆਣਾ, 22 ਅਪ੍ਰੈਲ (ਪੁਨੀਤ ਬਾਵਾ)-ਮਾਰਕੀਟ ਕਮੇਟੀ ਲੁਧਿਆਣਾ ਅਧੀਨ ਪੈਂਦੀ ਦਾਣਾ ਮੰਡੀ ਸਲੇਮ ਟਾਬਰੀ ਸਮੇਤ 8 ਖਰੀਦ ਕੇਂਦਰਾਂ ਵਿਚ ਕਣਕ ਦੀ ਖਰੀਦ ਦਾ ਕੰਮ ਜਾਰੀ ਹੈ | ਪਰ ਮੰਡੀਆਂ `ਚੋਂ ਖਰੀਦੀ ਗਈ ਕਣਕ ਦੀ ਚੁਕਾਈ ਦਾ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ | ਜਿਸ ਕਰਕੇ ਆਉਣ ਵਾਲੇ ਦਿਨਾਂ ਵਿਚ ਮੰਡੀਆਂ `ਚ ਜਿਣਸ ਰੱਖਣ ਲਈ ਥਾਂ ਦੀ ਕਮੀ ਆ ਸਕਦੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਰਕੀਟ ਕਮੇਟੀ ਦੇ 8 ਖਰੀਦ ਕੇਂਦਰ `ਚ ਅੱਜ ਤੱਕ 9400 ਟਨ ਕਣਕ ਦੀ ਆਮਦ ਹੋਈ | ਜਿਸ `ਚੋਂ ਅੱਜ 1925 ਟਨ ਦੀ ਖਰੀਦ ਕੀਤੀ ਗਈ ਅਤੇ ਹੁਣ ਤੱਕ 9106 ਟਨ ਕਣਕ ਦੀ ਖਰੀਦ ਹੋ ਚੁੱਕੀ ਹੈ | ਜਿਸ ਵਿਚੋਂ 7353 ਟਨ ਕਣਕ ਦੀ ਚੁਕਾਈ ਨਹੀਂ ਹੋ ਸਕੀ ਅਤੇ 294 ਟਨ ਕਣਕ ਦੀ ਖਰੀਦ ਬਾਕੀ ਹੈ | ਮਾਰਕਫੈੱਡ ਵਲੋਂ ਖਰੀਦੀ ਕਣਕ `ਚੋਂ 3690 ਟਨ, ਪਨਸਪ ਵਲੋਂ ਖਰੀਦੀ ਕਣਕ `ਚੋਂ 551 ਟਨ, ਪਨਗ੍ਰੇਨ ਵਲੋਂ ਖਰੀਦੀ ਕਣਕ `ਚੋਂ 2960 ਟਨ ਅਤੇ ਪ੍ਰਾਈਵੇਟ ਤੌਰ `ਤੇ ਵਿਕੀ 152 ਟਨ ਕਣਕ ਦੀ ਚੁਕਾਈ ਬਾਕੀ ਹੈ |
ਕਣਕ ਦੀ ਖਰੀਦ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ-ਢਿੱਲੋਂ
ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਅੰਦਰ ਜੋ ਕਣਕ ਦੀ ਖਰੀਦ ਕੰਮ ਚੱਲ ਰਿਹਾ ਹੈ, ਉਹ ਸਹੀ ਤਰੀਕੇ ਨਾਲ ਨਹੀਂ ਚੱਲ ਰਿਹਾ | ਉਨ੍ਹਾਂ ਕਿਹਾ ਕਿ ਮੰਡੀਆਂ `ਚ ਕਣਕ ਦੀ ਚੁਕਾਈ, ਮੰਡੀਆਂ `ਚ ਕਣਕ ਲਿਆਉਣ, ਪਾਸ ਜਾਰੀ ਕਰਨ ਤੇ ਕਣਕ ਦੀ ਖਰੀਦ ਕਰਨ ਦਾ ਕੰਮ ਸੁਚੱਜੇ ਢੰਗ ਨਹੀਂ ਨਹੀਂ ਚੱਲ ਰਿਹਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਰੀਦ ਦਾ ਕੰਮ ਆੜਤੀਆਂ ਦੀ ਸਲਾਹ ਨਾਲ ਕਰੇ |..
http://beta.ajitjalandhar.com/edition/20200423/165.cms